ਕਿਹਾ : ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਹੀ ਲਏ ਗਏ ਕਈ ਵੱਡੇ ਫੈਸਲੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਦੇਸ਼ ਵਾਸੀਆਂ ਦੇ ਨਾਂ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ’ਚ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਪਰਿਵਾਰਜਨ ਕਹਿ ਕੇ ਸੰਬੋਧਨ ਕੀਤਾ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੇਸ਼ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਚਿੱਠੀ ’ਚ ਲਿਖਿਆ ਕਿ ਤੁਹਾਡੇ ਅਤੇ ਸਾਡੇ ਸਾਥ ਨੂੰ ਲਗਭਗ ਇਕ ਦਹਾਕਾ ਹੋ ਗਿਆ ਹੈ ਅਤੇ 140 ਭਾਰਤੀਆਂ ਦਾ ਵਿਸ਼ਵਾਸ ਅਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਲਿਖਿਆ ਕਿ ਇਹ ਤੁਹਾਡੇ ਸਮਰਥਨ ਦਾ ਹੀ ਨਤੀਜਾ ਹੈ ਕਿ ਅਸੀਂ ਜੀਐਸਟੀ ਲਾਗੂ ਕਰਨਾ, ਜੰਮੂ-ਕਸ਼ਮੀਰ ’ਚੋਂ ਧਾਰਾ 370 ਨੂੰ ਹਟਾਉਣਾ, ਤਿੰਨ ਤਲਾਕ ’ਤੇ ਨਵਾਂ ਕਾਨੂੰਨ, ਸੰਸਦ ’ਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਉਣ ਲਈ ‘ਨਾਰੀ ਸ਼ਕਤੀ ਵੰਦਨ ਕਾਨੂੰਨ ਅਤੇ ਨਵੇਂ ਸੰਸਦ ਭਵਨ ਦੇ ਉਦਘਾਟਨ ਵਰਗੇ ਕਈ ਇਤਿਹਾਸਕ ਅਤੇ ਵੱਡੇ ਫੈਸਲੇ ਅਸੀਂ ਲਏ।
ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ ਕਿ ਸਾਡਾ ਦੇਸ਼ ਪਰੰਪਰਾ ਅਤੇ ਆਧੁਨਿਕਤਾ ਦੋਵਾਂ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ ਹੈ। ਪਿਛਲੇ ਦਹਾਕੇ ’ਚ ਜਿੱਥੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਹੋਇਆ ਉਥੇ ਹੀ ਸਾਡੀ ਰਾਸ਼ਟਰੀ ਸੰਸਕ੍ਰਿਤਿਕ ਵਿਰਾਸਤ ਦਾ ਵੀ ਕਾਇਆਕਲਪ ਹੋਇਆ। ਅੱਜ ਹਰ ਭਾਰਤੀ ਨਾਗਰਿਕ ਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਅੱਗੇ ਵਧਣ ਦੇ ਨਾਲ-ਨਾਲ ਆਪਣੀ ਵਿਸ਼ਾਲ ਸੰਸਕ੍ਰਿਤੀ ਦਾ ਵੀ ਜਸ਼ਨ ਮਨਾ ਰਿਹਾ ਹੈ।