ਤਿਲੰਗ ਮ: ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥
ਵਿਆਖਿਆ :- ਹੇ ਬਹੁਤ ਅੰਞਾਣ ਜਿੰਦੇ ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ – ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ? ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ। ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ॥੧॥ 10-10-25, ਅੰਗ:-722