ਬਿਲਾਵਲੁ ਮਹਲਾ ੩ ॥ ਪੂਰੇ ਗੁਰ ਤੇ ਵਡਿਆਈ ਪਾਈ ॥ ਅਚਿੰਤ ਨਾਮੁ ਵਸਿਆ ਮਨਿ ਆਈ ॥ ਹਉਮੈ ਮਾਇਆ ਸਬਦਿ ਜਲਾਈ ॥ ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥ ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ॥੧॥ ਰਹਾਉ॥
ਵਿਆਖਿਆ:- ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ, ਉਸ ਦੇ ਮਨ ਵਿਚ ਉਹ ਹਰਿ-ਨਾਮ ਆ ਵੱਸਦਾ ਹੈ ਜੋ ਹਰੇਕ ਕਿਸਮ ਦਾ ਫ਼ਿਕਰ-ਤੌਖਲਾ ਦੂਰ ਕਰ ਦੇਂਦਾ ਹੈ। । ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ, ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ।੧। ਹੇ ਜਗਤ ਦੇ ਮਾਲਕ-ਪ੍ਰਭੂ! ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ। (ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ ।੧। ਰਹਾਉ। 07-09-25, ਅੰਗ:-798