ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥
ਵਿਆਖਿਆ:-(ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ। ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ। ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ (ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ।11।14-08-25, ਅੰਗ:-931