ਸ਼ੁਭਕਰਨ ਦੀ ਭੈਣ ਨੂੰ ਮਿਲੇਗੀ ਸਰਕਾਰੀ ਨੌਕਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸ਼ੁਭਕਰਨ ਸਿੰਘ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।
ਧਿਆਨ ਰਹੇ ਕਿ ਪਿਛਲੇ ਦਿਨੀਂ ਜਦੋਂ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨਾ ਸੀ ਤਾਂ ਹਰਿਆਣਾ ਦੀ ਪੁਲਿਸ ਵਲੋਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਚਲੇ ਗਈ ਸੀ। ਕਿਸਾਨ ਆਗੂਆਂ ਦਾ ਆਰੋਪ ਹੈ ਕਿ ਹਰਿਆਣਾ ਪੁਲਿਸ ਵਲੋਂ ਚਲਾਈ ਗਈ ਗੋਲੀ ਨਾਲ ਨੌਜਵਾਨ ਕਿਸਾਨ ਦੀ ਜਾਨ ਗਈ ਹੈ।
ਇਹ ਵੀ ਦੱਸਣਯੋਗ ਹੈ ਕਿ ਕਿਸਾਨ ਆਗੂਆਂ ਅਤੇ ਪੰਜਾਬ ਦੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਹੋਈ ਸੀ ਅਤੇ ਕਿਸਾਨਾਂ ਨੇ ਇਸ ਮੀਟਿੰਗ ਦੌਰਾਨ ਸ਼ਹੀਦ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਅਤੇ ਉਸਦੀ ਭੈਣ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਸੀ ਅਤੇ ਹਰਿਆਣਾ ਪੁਲਿਸ ’ਤੇ ਕੇਸ ਦਰਜ ਕਰਾਉਣ ਦੀ ਮੰਗ ਕੀਤੀ ਗਈ ਹੈ।