ੴ ਸਤਿਗੁਰ ਪ੍ਰਸਾਦਿਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ਸਲੋਕੁ ਮ: ੩ ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥
ਵਿਆਖਿਆ:-ਜੋ ਜੀਵ-ਇਸਤ੍ਰੀ ਦੁਨੀਆ ਦੇ ਸੋਹਣੇ ਪਦਾਰਥ-ਰੂਪ ਕਸੁੰਭੇ ਦੇ ਚੁਹਚੁਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ, ਮਾਇਆ ਦੇ ਪਿਆਰ ਵਿਚ ਉਹ ਲੁੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੍ਰਭੂ ਨੂੰ ਵਿਸਾਰ ਦੇਂਦੀ ਹੈ। (ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਾਂ ਨੂੰ) ਸੁਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵਧਦਾ ਹੈ, (ਭਾਵ), ਉਹ ਨਿਰੋਲ ਆਪਣੇ ਖਸਮ-ਪ੍ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ।21-05-25, ਅੰਗ:-785