ਕੈਮੀਕਲ ਕਾਰਨ 40 ਗੱਡੀਆਂ ਨੂੰ ਵੀ ਲੱਗੀ ਅੱਗ
ਜੈਪੁਰ/ਬਿਊਰੋ ਨਿਊਜ਼ : ਜੈਪੁਰ ਦੇ ਇਕ ਪਬਲਿਕ ਸਕੂਲ ਦੇ ਸਾਹਮਣੇ ਕੈਮੀਕਲ ਨਾਲ ਭਰੇ ਇਕ ਟੈਂਕਰ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਕੈਮੀਕਲ ਨਾਲ ਲੱਗੀ ਅੱਗ ਵਿਚ 5 ਵਿਅਕਤੀ ਜ਼ਿੰਦਾ ਸੜ ਗਏ। ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਦੇ ਕਰੀਬ ਵਾਪਰੇ ਇਸ ਭਿਆਨਕ ਹਾਦਸੇ ਵਿਚ 40 ਗੱਡੀਆਂ ਨੂੰ ਵੀ ਅੱਗ ਲੱਗ ਗਈ। ਗੱਡੀਆਂ ਵਿਚ ਸਫਰ ਕਰ ਰਹੇ 30 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਕੈਮੀਕਲ ਨਾਲ ਭਰੇ ਟੈਂਕਰ ਦੇ ਪਿੱਛੇ ਚੱਲ ਰਹੀ ਇਕ ਸਲੀਪਰ ਬੱਸ ਵੀ ਅੱਗ ਦੀ ਲਪੇਟ ਵਿਚ ਆ ਗਈ।
ਇਸੇ ਦੌਰਾਨ ਹਾਈਵੇਅ ਦੇ ਕਿਨਾਰੇ ਸਥਿਤ ਇਕ ਪਾਈਪ ਫੈਕਟਰੀ ਵੀ ਇਸ ਅੱਗ ਵਿਚ ਘਿਰ ਗਈ। ਸਾਰੇ ਜ਼ਖਮੀਆਂ ਨੂੰ ਜੈਪੁਰ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਅਤੇ ਅੱਗ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸਾਂ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਰਾਜਸਥਾਨ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਹਸਪਤਾਲ ਪਹੁੰਚ ਗਏ ਅਤੇ ਉਨ੍ਹਾਂ ਨੇ ਡਾਕਟਰਾਂ ਤੋਂ ਜ਼ਖ਼ਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।