ਉਤਰਾਖੰਡ ਦੇ ਸੋਨਪ੍ਰਯਾਗ ’ਚ ਵੀ ਹੋਈ ਲੈਂਡਸਲਾਈਡ
ਉਤਰਾਖੰਡ/ਬਿਊਰੋ ਨਿਊਜ਼ : ਉਤਰਾਖੰਡ ’ਚ ਭਾਰੀ ਬਾਰਿਸ਼ ਅਤੇ ਲੈਂਡਸਲਾਈਡ ਦੇ ਚਲਦਿਆਂ ਕੇਦਾਰਨਾਥ ਯਾਤਰਾ ਦੋ ਦਿਨ ਦੇ ਲਈ ਰੋਕ ਦਿੱਤੀ ਗਈ ਹੈ। ਸੂਬੇ ਅੰਦਰ 48 ਘੰਟਿਆਂ ਦੌਰਾਨ ਭਾਰੀ ਬਾਰਿਸ਼ ਦਾ ਅਲਟਰ ਵੀ ਜਾਰੀ ਕੀਤਾ ਗਿਆ ਜਦਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਐਨਡੀਆਰਐਫ ਦੀਆਂ 12 ਅਤੇ ਐਸਡੀਆਰਐਫ ਦੀਆਂ 60 ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਉਧਰ ਕੇਦਾਰਨਾਥ ’ਚ ਬੱਦਲ ਫਟਣ ਤੋਂ ਬਾਅਦ ਪੈਦਲ ਰੂਟ ’ਤੇ ਲਿਨਚੋਲੀ ਅਤੇ ਭੀਮਬਲੀ ’ਚ ਫਸੇ ਦੋ ਹਜ਼ਾਰ ਸ਼ਰਧਾਲੂਆਂ ਨੂੰ ਵੀ ਸੁਰੱਖਿਆ ਕੱਢ ਲਿਆ ਗਿਆ।
ਇਨ੍ਹਾਂ ਸ਼ਰਧਾਲੂਆਂ ਨੂੰ ਇਥੋਂ ਕੱਢਣ ਲਈ ਹੈਲੀਕਾਪਟਰ ਦੀ ਮਦਦ ਲਈ ਗਈ। ਉਤਰਾਖੰਡ ’ਚ ਭਾਰੀ ਬਾਰਿਸ਼ ਕਾਰਨ ਹਰਿਦੁਆਰ, ਦੇਹਰਾਦੂਨ, ਟੀਹਰੀ, ਰੁਦਰਪ੍ਰਯਾਗ ਅਤੇ ਨੈਨੀਤਾਲ ’ਚ ਹੁਣ ਤੱਕ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕੇਦਾਰਨਾਥ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਸੋਨਪ੍ਰਯਾਗ ’ਚ ਵੀ ਲੈਂਡਸਲਾਈਡ ਹੋਈ ਹੈ।