2023 ਵਿਚ ਜਾਰੀ ਹੋਏ ਸਨ 11.94 ਲੱਖ ਪਾਸਪੋਰਟ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਏਨੀ ਜ਼ਿਆਦਾ ਹੈ ਕਿ ਸੂਬੇ ਵਿਚ ਇਕ ਘੰਟੇ ’ਚ ਕਰੀਬ 130 ਪਾਸਪੋਰਟ ਬਣ ਰਹੇ ਹਨ। ਪਾਸਪੋਰਟ ਬਣਾਉਣ ਵਾਲਿਆਂ ਵਿਚੋਂ ਜ਼ਿਆਦਾਤਰ ਉਹ ਵਿਦਿਆਰਥੀ ਹਨ ਜੋ ਵਿਦੇਸ਼ਾਂ ਵਿਚ ਪਹੁੰਚ ਕੇ ਪੜ੍ਹਾਈ ਕਰਕੇ ਉਥੇ ਹੀ ਸੈਟਲ ਹੋਣਾ ਚਾਹੁੰਦੇ ਹਨ। ਅੰਕੜਿਆਂ ਮੁਤਾਬਕ ਸਾਲ 2023 ਵਿਚ ਪੰਜਾਬ ’ਚ 11 ਲੱਖ 94 ਹਜ਼ਾਰ ਪਾਸਪੋਰਟ ਜਾਰੀ ਕੀਤੇ ਗਏ ਹਨ, ਜਦੋਂ ਕਿ 2024 ਦੇ ਪਹਿਲੇ 6 ਮਹੀਨਿਆਂ, ਯਾਨੀ ਜਨਵਰੀ ਤੋਂ ਜੂਨ ਮਹੀਨੇ ਤੱਕ ਪੰਜਾਬ ਵਿਚ 5 ਲੱਖ 82 ਹਜ਼ਾਰ ਪਾਸਪੋਰਟ ਬਣਾਏ ਗਏ ਹਨ।
ਸਾਲ 2023 ਵਿਚ ਪੰਜਾਬ ’ਚ ਹਰ ਦਿਨ ਔਸਤਨ 3271 ਪਾਸਪੋਰਟ ਬਣੇ ਹਨ। ਇਸ ਲਿਹਾਜ ਨਾਲ ਪੰਜਾਬ ਵਿਚ ਹਰ ਘੰਟੇ 130 ਤੋਂ ਜ਼ਿਆਦਾ ਪਾਸਪੋਰਟ ਬਣ ਰਹੇ ਹਨ ਅਤੇ ਹਰ ਮਹੀਨੇ 1 ਲੱਖ ਤੋਂ ਜ਼ਿਆਦਾ ਪਾਸਪੋਰਟ ਬਣਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪਰਿਵਾਰਾਂ ’ਚ ਭਾਵੇਂ ਇਕ ਬੇਟਾ ਹੈ ਜਾਂ ਇਕ ਬੇਟੀ ਹੈ, ਉਹ ਵੀ ਵਿਦੇਸ਼ ਜਾ ਕੇ ਸੈਟਲ ਹੋ ਰਹੇ ਹਨ ਅਤੇ ਪਿੱਛੋਂ ਮਾਤਾ-ਪਿਤਾ ਇਕੱਲੇ ਹੀ ਜ਼ਿੰਦਗੀ ਬਤੀਤ ਕਰ ਰਹੇ ਹਨ।