4 ਕਰੋੜ 58 ਲੱਖ ਰੁਪਏ ਦੀ ਪ੍ਰਾਪਰਟੀ ਦੀ ਕੀਤੀ ਜਬਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਪੁੱਤਰ ਦੀ 4 ਕਰੋੜ 58 ਲੱਖ ਰੁਪਏ ਦੀ ਸੰਪਤੀ ਨੂੰ ਜਬਤ ਕਰ ਲਿਆ ਗਿਆ ਹੈ। ਇਹ ਕਾਰਵਾਈ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਰੋਕਥਾਕ ਐਕਟ ਦੇ ਅਧੀਨ ਕੀਤੀ ਗਈ। ਧਿਆਨ ਰਹੇ ਕਿ ਸਾਧੂ ਸਿੰਘ ਧਰਮਸੋਤ ਪੰਜਾਬ ਦੀ ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਸਨ ਅਤੇ ਈਡੀ ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ’ਚ ਉਨ੍ਹਾਂ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਪਾਇਆ ਗਿਆ ਕਿ ਸਾਬਕਾ ਮੰਤਰੀ ਧਰਮਸੋਤ ਨੇ 1 ਮਾਰਚ 2016 ਤੋਂ ਲੈ ਕੇ 31 ਮਾਰਚ 2022 ਤੱਕ ਆਪਣੇ ਪੁੱਤਰ ਦੇ ਨਾਂ ’ਤੇ ਸਰੋਤਾਂ ਤੋਂ ਜ਼ਿਆਦਾ ਸੰਪਤੀ ਬਣਾਈ ਹੈ ਅਤੇ ਉਨ੍ਹਾਂ ਦੀ ਆਮਦਨ ਦੱਸੇ ਗਏ ਸਰੋਤਾਂ ਨਾਲ ਮੇਲ ਨਹੀਂ ਖਾਂਦੀ, ਜਿਸ ਦੇ ਚਲਦਿਆਂ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ। ਈਡੀ ਵੱਲੋਂ ਜਬਤ ਕੀਤੀ ਗਈ ਸੰਪਤੀ ਵਿਚ ਚਾਰ ਜਾਇਦਾਦਾਂ ਸ਼ਾਮਲ ਹਨ ਜਿਨ੍ਹਾਂ ਵਿਚ ਦੋ ਰਿਹਾਇਸ਼ੀ ਪਲਾਟ, ਇਕ ਰਿਹਾਇਸ਼ੀ ਮਕਾਨ ਅਤੇ ਪੰਜਾਬ ਵਿਚ ਇਕ ਰਿਹਾਇਸ਼ੀ ਫਲੈਟ ਦੇ ਨਾਲ-ਨਾਲ ਬੈਂਕ ਬੈਲੈਂਸ ਅਤੇ ਮਿਊਚਅਲ ਫੰਡਾਂ ਵਿਚ ਨਿਵੇਸ਼ ਸਮੇਤ ਚਾਰ ਚੱਲ ਅਤੇ ਅਚੱਲ ਸੰਪਤੀਆਂ ਸ਼ਾਮਲ ਹਨ।