ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਉਤਰਾਖੰਡ ਵਿਚ 10 ਮਈ ਤੋਂ ਸ਼ੁਰੂ ਹੋਣ ਜਾ ਰਹੀ ਚਾਰ ਧਾਮ ਯਾਤਰਾ ਲਈ ਇਸ ਵਾਰ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਲੰਘੇ 4 ਦਿਨਾਂ ਵਿਚ 14 ਲੱਖ ਤੋਂ ਜ਼ਿਆਦਾ ਵਿਅਕਤੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੀ ਵਾਰ ਇਸ ਯਾਤਰਾ ਦੌਰਾਨ ਚਾਰ ਮਹੀਨਿਆਂ ਵਿਚ 55 ਲੱਖ ਸ਼ਰਧਾਲੂ ਪਹੁੰਚੇ ਸਨ। ਇਸ ਵਾਰ ਇਸ ਤੋਂ ਵੱਧ ਸ਼ਰਧਾਲੂ ਪਹੁੰਚਣ ਦੀ ਉਮੀਦ ਹੈ।
ਉਤਰਾਖੰਡ ਨਾਗਰਿਕ ਹਵਾਈ ਵਿਕਾਸ ਅਥਾਰਟੀ ਦੇ ਸੀਈਓ ਸੀ. ਰਵੀਸ਼ੰਕਰ ਨੇ ਦੱਸਿਆ ਕਿ ਪਹਿਲੀ ਵਾਰ ਚਾਰ ਧਾਮ ਲਈ ਚਾਰਟਰਡ ਹੈਲੀਕਾਪਟਰ ਸੇਵਾ ਸ਼ੁਰੂ ਹੋ ਰਹੀ ਹੈ। ਇਸ ਚਾਰਟਰਡ ਹੈਲੀਕਾਪਟਰ ਵਿਚ 4 ਵਿਅਕਤੀ ਇਕ ਧਾਮ ਦੀ ਯਾਤਰਾ ਸਾਢੇ 3 ਲੱਖ ਰੁਪਏ ਵਿਚ ਕਰ ਸਕਦੇ ਹਨ। ਇਹ ਵੀ ਦੱਸਿਆ ਗਿਆ ਕਿ ਜੇਕਰ ਚਾਰਾਂ ਧਾਮਾਂ ਦੇ ਲਈ ਚਾਰਟਰਡ ਹੈਲੀਕਾਪਟਰ ਬੁੱਕ ਕਰਵਾਉਂਦੇ ਹੋ ਤਾਂ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਦੇਣੇ ਪੈਣਗੇ। ਇਸ ਕਿਰਾਏ ਵਿਚ ਆਉਣਾ-ਜਾਣਾ ਅਤੇ ਖਾਣਾ ਵੀ ਸ਼ਾਮਿਲ ਹੈ। ਇਨ੍ਹਾਂ ਚਾਰ ਧਾਮਾਂ ਵਿਚ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੂਨੋਤਰੀ ਸ਼ਾਮਲ ਹਨ।