ਨਵਜੋਤ ਸਿੱਧੂ ਨੇ ਟਕਸਾਲੀ ਆਗੂਆਂ ਨੂੰ ਅਣਗੌਲੇ ਕਰਨ ਦੇ ਲਗਾਏ ਆਰੋਪ
ਪਟਿਆਲਾ/ਬਿਊਰੋ ਨਿਊਜ਼ : ਲੁਧਿਆਣਾ ਦੇ ਕਸਬਾ ਸਮਰਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਐਤਵਾਰ ਨੂੰ ਕਰਵਾਈ ਗਈ ਕਨਵੈਨਸ਼ਨ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਸਨ ਅਤੇ ਕਨਵੈਨਸ਼ਨ ਤੋਂ ਨਵਜੋਤ ਸਿੱਧੂ ਦੀ ਇਹ ਦੂਰੀ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।
ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਪੰਜਾਬ ਪਹੁੰਚਣ ’ਤੇ ਧੰਨਵਾਦ ਜ਼ਰੂਰ ਕੀਤਾ ਸੀ, ਪਰ ਕਨਵੈਨਸ਼ਨ ਵਿਚ ਨਹੀਂ ਪਹੁੰਚੇ। ਇਸਦੇ ਚੱਲਦਿਆਂ ਨਵਜੋਤ ਸਿੱਧੂ ਨੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ’ਤੇ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਅਣਗੌਲੇ ਕਰਨ ਦੇ ਆਰੋਪ ਵੀ ਲਗਾਏ ਹਨ। ਉਨ੍ਹਾਂ ਕਿਹਾ ਕਿ 2002 ਤੋਂ 2007 ਅਤੇ 2017 ਤੋਂ 2022 ਤੱਕ ਪੰਜਾਬ ’ਚ ਕਾਂਗਰਸ ਦੀ ਸਰਕਾਰ ਵਿੱਚ 8 ਹਜ਼ਾਰ ਤੋਂ ਵੱਧ ਉੱਚ ਅਹੁਦੇ ਸਿਰਫ਼ 3 ਫ਼ੀਸਦ ਕਾਂਗਰਸੀ ਵਰਕਰਾਂ ਕੋਲ ਗਏ ਅਤੇ ਬਾਕੀ ਪ੍ਰਭਾਵਸ਼ਾਲੀ ਵੱਡੇ ਅਧਿਕਾਰੀਆਂ, ਵਿਧਾਇਕਾਂ ਦੇ ਰਿਸ਼ਤੇਦਾਰਾਂ ਨੇ ਹੜੱਪ ਲਏ।
ਨਵਜੋਤ ਸਿੱਧੂ ਨੇ ਕਿਹਾ ਕਿ ਇਨ੍ਹਾਂ ਅਹੁਦਿਆਂ ’ਤੇ ਉਨ੍ਹਾਂ ਵਿਅਕਤੀਆਂ ਨੇ ਕਬਜ਼ਾ ਕੀਤਾ ਜਿਨ੍ਹਾਂ ਕੋਲ ਨਿਯੁਕਤੀਆਂ ਕਰਨ ਦੀ ਪ੍ਰਸ਼ਾਸਨਿਕ ਸ਼ਕਤੀ ਸੀ। ਇਸਦੇ ਚੱਲਦਿਆਂ ਨਵਜੋਤ ਸਿੱਧੂ ਦੀਆਂ ਅਜਿਹੀਆਂ ਟਿੱਪਣੀਆਂ ਨੇ ਸਿਆਸੀ ਹਲਕਿਆਂ ਵਿਚ ਫਿਰ ਚਰਚਾ ਛੇੜ ਦਿੱਤੀ ਹੈ ਕਿ ਉਹ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ ਜਾਂ ਕਿਸੇ ਹੋਰ ਸਿਆਸੀ ਪਾਰਟੀ ਦਾ ਰੁਖ ਕਰਨਗੇ। ਇਸ ਸਬੰਧੀ ਅਜੇ ਭੇਦ ਬਣਿਆ ਹੋਇਆ ਹੈ।