HomePunjabi News‘ਆਪ’ ਆਗੂ ਸੰਜੇ ਸਿੰਘ ਨੇ ਭਾਜਪਾ ’ਤੇ ਲਗਾਏ ਗੰਭੀਰ ਆਰੋਪ

‘ਆਪ’ ਆਗੂ ਸੰਜੇ ਸਿੰਘ ਨੇ ਭਾਜਪਾ ’ਤੇ ਲਗਾਏ ਗੰਭੀਰ ਆਰੋਪ

ਕਿਹਾ : ਦਿੱਲੀ ਚੋਣਾਂ ’ਚ ਧਾਂਦਲੀ ਕਰਨ ਲਈ ਭਾਜਪਾ ਬਣਵਾ ਰਹੀ ਹੈ ਜਾਅਲੀ ਵੋਟਰ ਕਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ’ਤੇ ਦਿੱਲੀ ਚੋਣਾਂ ਦੌਰਾਨ ਧਾਂਦਲੀ ਕਰਨ ਦਾ ਗੰਭੀਰ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਕਰਨ ਲਈ ਬਾਹਰ ਤੋਂ ਲੋਕਾਂ ਨੂੰ ਲਿਆ ਕੇ ਉਨ੍ਹਾਂ ਦੇ ਜਾਅਲੀ ਵੋਟਰ ਕਾਰਡ ਬਣਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਧਾਂਦਲੀ ’ਚ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਸ਼ਾਮਲ ਹਨ। ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਭਾਰਤੀ ਚੋਣ ਕਮਿਸ਼ਨ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ ਅਤੇ ਚੋਣ ਕਮਿਸ਼ਨ ਦੀ ਮਾਣ ਮਰਿਆਦਾ ਦੇ ਨਾਲ ਖਿਲਵਾੜ ਕਰ ਰਹੀ ਹੈ।

ਸੰਜੇ ਸਿੰਘ ਨੇ ਇਕ ਡਾਕੂਮੈਂਟ ਦਿਖਾਉਂਦੇ ਹੋਏ ਕਿਹਾ ਕਿ ਪ੍ਰਵੇਸ਼ ਵਰਮਾ ਦੇ ਬੰਗਲੇ ਦੇ ਪਤੇ ’ਤੇ 35 ਵੋਟਰ ਆਈਡੀ ਕਾਰਡ ਬਣਾਉਣ ਦੀ ਐਪਲੀਕੇਸ਼ਨ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪੰਕਜ ਚੌਧਰੀ, ਭਾਜਪਾ ਸਾਂਸਦ ਜੈਪ੍ਰਕਾਸ਼ ਹਰਦੋਈ ਨੇ ਵੀ ਦਿੱਲੀ ’ਚ ਆਪਣੇ-ਆਪਣੇ ਬੰਗਲੇ ਤੋਂ 25 ਤੋਂ ਜ਼ਿਆਦਾ ਵੋਟਰ ਆਈਡੀ ਕਾਰਡ ਬਣਵਾਉਣ ਦੀ ਐਪਲੀਕੇਸ਼ਨ ਦਿੱਤੀ ਹੈ। ਸੰਜੇ ਸਿੰਘ ਨੇ ਕਿਹਾ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਅਜਿਹੇ ਫਰਾਡ ਕਰਕੇ ਚੋਣਾਂ ਜਿੱਤਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਆਉਂਦੀ 5 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਜਦਕਿ ਇਨ੍ਹਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।

RELATED ARTICLES

Most Popular

Recent Comments