ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿਚ ਸਿਟੀਜਨ ਅਮੈਂਡਮੈਂਟ ਐਕਟ ਯਾਨੀ ਕਿ ਸੀ.ਏ.ਏ. ਲਾਗੂ ਹੋ ਚੁੱਕਾ ਹੈ। ਕੇਂਦਰ ਸਰਕਾਰ ਨੇ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀ.ਏ.ਏ. ਲਾਗੂ ਕਰਨ ਸਬੰਧੀ ਲੰਘੇ ਕੱਲ੍ਹ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਧਿਆਨ ਰਹੇ ਕਿ 2019 ਵਿਚ ਜਦੋਂ ਇਸ ਸਬੰਧੀ ਕਾਨੂੰਨ ਸੰਸਦ ਵਿਚ ਪਾਸ ਹੋਇਆ ਸੀ, ਤਾਂ ਦੇਸ਼ ਦੇ ਕਈ ਹਿੱਸਿਆਂ ਵਿਚ ਵਿਰੋਧ ਵੀ ਹੋਇਆ ਸੀ। ਅਸਾਮ ਦੇ ਗੁਹਾਟੀ ਵਿਚ ਵਿਦਿਆਰਥੀ ਯੂਨੀਅਨਾਂ ਦੇ ਬੈਨਰ ਹੇਠ ਲੋਕ ਸੜਕਾਂ ’ਤੇ ਉਤਰੇ ਸਨ ਤਾਂ ਇਸ ਤੋਂ ਬਾਅਦ ਸੀਏਏ ਦਾ ਮਾਮਲਾ ਰੁਕ ਗਿਆ ਸੀ।
ਹੁਣ ਜਦੋਂ ਭਾਰਤ ਵਿਚ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਅਸਾਮ ਵਿਚ ਫਿਰ ਇਸ ਕਾਨੂੰਨ ਖਿਲਾਫ ਅੰਦੋਲਨ ਦੀ ਤਿਆਰੀ ਹੋਣ ਲੱਗ ਪਈ ਹੈ। ਅਸਾਮ ਦੀ ਪੁਲਿਸ ਨੇ ਇਸ ਵਿਰੋਧ ਨੂੰ ਰੋਕਣ ਲਈ ਥਾਂ-ਥਾਂ ਬੈਰੀਕੇਡਿੰਗ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਪਹੁੰਚੇ 300 ਤੋਂ ਜ਼ਿਆਦਾ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲਣ ਦਾ ਰਸਤਾ ਸਾਫ ਹੋ ਗਿਆ ਹੈ।