ਕਿਹਾ : ਹਮੇਸ਼ਾ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਪਿਛਲੇ ਦਿਨ ਹੀ ਭਾਜਪਾ ਦੇ ਹੱਕ ਦੀ ਗੱਲ ਕਰ ਰਹੇ ਸਨ, ਹੁਣ ਕਹਿ ਰਹੇ ਹਨ ਕਿ ਭਾਜਪਾ ਸਰਕਾਰ ਕੇਂਦਰ ਵਿੱਚ ਬੈਠ ਕੇ ਸਾਰੇ ਦੇਸ਼ ਵਿੱਚ ਝੂਠ ਦੇ ਮਹਿਲ ਉਸਾਰ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਰਗੇ ਖਰੀਆਂ-ਖਰੀਆਂ ਕਹਿਣ ਵਾਲੇ ਬੰਦੇ ਦੀ ਉਥੇ ਕੋਈ ਵੁੱਕਤ ਨਹੀਂ ਹੈ। ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਕਦੇ ਨਹੀਂ ਛੱਡਣਗੇ ਤੇ ਨਾ ਹੀ ਝੂਠ ਬੋਲਣ ਵਾਲੀ ਭਾਜਪਾ ਨੂੰ ਮੂੰਹ ਲਾਉਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਉਨ੍ਹਾਂ ਦੇ ਸਵਾਲ ਸਦਾ ਖੜ੍ਹੇ ਰਹਿਣਗੇ ਕਿ ਉਨ੍ਹਾਂ ਹਰ ਭਾਰਤ ਵਾਸੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾਉਣ ਦਾ ਝੂਠ ਕਿਉਂ ਫੈਲਾਇਆ, ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇੇੇਣ ਦਾ ਝੂਠਾ ਵਾਅਦਾ ਕਿਉਂ ਕੀਤਾ ਤੇ ਕਾਲਾ ਧਨ ਲਿਆਉਣ ਦਾ ਵਾਅਦਾ ਕਰਕੇ ਦੇਸ਼ ਨਾਲ ਧੋਖਾ ਕਿਉਂ ਕੀਤਾ।
ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਖਾਰਜ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਨੇ ਕਾਂਗਰਸ ਨੂੰ ਹੀ ਪਿਆਰ ਕੀਤਾ ਜੋ ਉਨ੍ਹਾਂ ਦੇ ਆਦਰਸ਼ ਹਨ ਕਿਉਂਕਿ ਸਿਰਫ਼ ਕਾਂਗਰਸ ਦੀ ਵਿਚਾਰਧਾਰਾ ਹੀ ਦੇਸ਼ ਨੂੰ ਏਕੇ ਵਿੱਚ ਰੱਖ ਸਕਦੀ ਹੈ, ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਦਾ ਦਰ ਕਦੇ ਨਹੀਂ ਖੜਕਾਉਣਗੇ।