ਨੰਬਰ ਚਾਰ ਬਣਾਉਗਾ ਸਰਕਾਰ ? ਹੁਣ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਲਈ ਨਿਯੁਕਤ ਕੀਤੇ 4 ਸਲਾਹਕਾਰ

ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਫੀ ਸਰਗਰਮ ਹਨ। ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਿੱਧੂ ਲਗਾਤਾਰ ਪਾਰਟੀ ਮੈਂਬਰਾਂ ਅਤੇ ਮੰਤਰੀਆਂ ਨਾਲ ਮੀਟਿਗਾਂ ਕਰ ਰਹੇ ਹਨ। ਇਸ ਦੇ ਚਲਦਿਆਂ ਨਵਜੋਤ ਸਿੱਧੂ ਨੇ ਹੁਣ ਚਾਰ ਸਲਾਹਕਾਰਾਂ ਦੀ ਨਿਯੁਕਤੀ ਕੀਤੀ ਹੈ। ਇਹਨਾਂ ਸਲਾਹਕਾਰਾਂ ਵਿਚ ਡਾ. ਅਮਰ ਸਿੰਘ (ਮੈਂਬਰ ਲੋਕ ਸਭਾ), ਮੁਹੰਮਦ ਮੁਸਤਫ਼ਾ (ਸਾਬਕਾ ਡੀ.ਜੀ.ਪੀ.), ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਵਜੋਤ ਸਿੱਧੂ ਨੇ ਲਿਖਿਆ, ‘ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਮੈਂ ਵਿਦਵਤਾ ਭਰਪੂਰ ਸਲਾਹ-ਮਸ਼ਵਰੇ ਲਈ ਚਾਰ ਸਲਾਹਕਾਰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਦਾ ਹਾਂ’।

ਇਸ ਬਾਰੇ ਗੱਲ ਕਰਦਿਆਂ ਸਿੱਧੂ ਨੇ ਅੱਗੇ ਕਿਹਾ ਕਿ ਹਰੇਕ ਪੰਜਾਬੀ ਦੇ ਸੁਨਹਿਰੀ ਭਵਿੱਖ ਦੀ ਉਸਾਰੀ ਸੰਬੰਧੀ ਇਹਨਾਂ ਦੇ ਨਜ਼ਰੀਏ ਅਤੇ ਕੰਮ ਕਰਕੇ ਉਹ ਨਿੱਜੀ ਤੌਰ ‘ਤੇ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ। ਦੱਸ ਦਈਏ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਆਪਣੇ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਮਿਲ ਕੇ ਰਣਨੀਤੀ ਤਿਆਰ ਕਰ ਰਹੇ ਹਨ ਤਾਂ ਜੋ ਪੰਜਾਬ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ਲਿਆ ਕੇ ਪੰਜਾਬ ਵਾਸੀਆਂ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ।


ਸੋਚਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਵਲੋਂ 4 ਪ੍ਰਧਾਨ ਬਣਾਏ ਗਏ ਹਨ ਅਤੇ ਹੁਣ ਨਵਜੋਤ ਸਿੱਧੂ ਵਲੋਂ 4 ਸਲਾਹਕਾਰ ਬਣਾਏ ਗਏ ਹਨ। ਇਸ ਨਾਲ ਕਿਸੇ ਵੀ ਵਿਸ਼ੇ ਤੇ ਆਪਸੀ ਸਹਿਮਤੀ ਬਣਨ ਨੂੰ ਸਮਾਂ ਵੀ ਲਗੇਗਾ ਅਤੇ ਪ੍ਰਕਿਰਿਆ ਗੁੰਝਲਦਾਰ ਹੋਵੇਗੀ । ਪਰ ਕਾਂਗਰਸ ਦੀ ਕੀ ਰਣਨੀਤੀ ਹੈ ਇਸ ਦਾ ਪਤਾ ਆਉਣ ਵਾਲੇ ਸਮੇਂ ਚ ਚਲ ਪਾਵੇਗਾ।

MUST READ