ਜਾਣੋ ਕੀ ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਸ਼ਾਹਤ ਹੁਣ ਹੋ ਜਾਵੇਗੀ ਖ਼ਤਮ ?

ਪੰਜਾਬ ਚ ਵਿਧਾਨ ਸਭਾ ਚੋਣਾਂ ਸਿਰ ਤੇ ਹਨ, ਪਰ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਹੌਲੀ ਹੌਲੀ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਨੇ ਕੈਪਟਨ ਧੜੇ ਨੂੰ ਝਟਕਾ ਦਿੱਤਾ ਤੇ ਫਿਰ ਕਾਂਗਰਸ ਦੇ ਕਾਟੋ-ਕਲੇਸ਼ ਤੋਂ ਅੱਕ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਕਾਂਗਰਸ ਦੀ ਬੇੜੀ ਪਾਰ ਲਾਉਣ ਲਈ ਪ੍ਰਸ਼ਾਂਤ ਕਿਸ਼ੋਰ ਉੱਪਰ ਟੇਕ ਸੀ। ਇਸ ਤੋਂ ਇਲਾਵਾ ਕੈਪਟਨ ਧੜੇ ਨੂੰ ਉਮੀਦ ਸੀ ਕਿ ਚੋਣਾਂ ਵਿੱਚ ਪ੍ਰਸ਼ਾਂਤ ਕਿਸ਼ੋਰ ਜ਼ਰੀਏ ਹੀ ਹਾਈਕਮਾਨ ਤੋਂ ਆਪਣੀ ਗੱਲ਼ ਮਨਵਾਉਣ ਲਈ ਸਫਲ ਹੋ ਸਕਣਗੇ। ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫੇ ਨੇ ਕੈਪਟਨ ਧੜੇ ਦੀਆਂ ਉਮੀਦਾਂ ਉੱਪਰ ਪਾਣੀ ਫੇਰ ਦਿੱਤਾ ਹੈ।


ਹੁਣ ਚਰਚਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫ਼ੇ ਮਗਰੋਂ ਕੈਪਟਨ ਦੀ ਅਗਲੀ ਰਣਨੀਤੀ ਕੀ ਹੋਵੇਗੀ? ਕੈਪਟਨ ਲਈ ਸਭ ਤੋਂ ਵੱਡੀ ਚੁਣੌਤੀ ਹਾਈ ਕਮਾਨ ਦਾ ਭਰੋਸਾ ਜਿੱਤਣਾ ਹੈ ਕਿਉਂਕਿ ਹਾਲਾਤ ਇਹ ਹਨ ਕਿ ਕੈਪਟਨ ਨੂੰ ਖੁਦ ਵੀ ਯਕੀਨ ਨਹੀਂ ਕਿ ਅਗਲੀ ਚੋਣ ਉਨ੍ਹਾਂ ਦੇ ਚਿਹਰੇ ‘ਤੇ ਲੜੀ ਜਾਵੇਗੀ ਜਾਂ ਨਹੀਂ? ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਣ ਤੋਂ ਬਾਅਦ ਪਾਰਟੀ ਦੀ ਅੰਦਰੂਨੀ ਸਿਆਸਤ ਬਦਲ ਗਈ ਹੈ। ਪਾਰਟੀ ਵਿੱਚ ਦੋ ਸਿੱਧੇ-ਸਿੱਧੇ ਧੜੇ ਬਣ ਚੁੱਕੇ ਹਨ। ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਕਾਰਨ ਕੈਪਟਨ ਦੀ ਪੰਜਾਬ ‘ਚ ਚੋਣ ਰਣਨੀਤੀ ਹੁਣ ਗੁੰਝਲਦਾਰ ਜਾਪਦੀ ਹੈ।

ਪਹਿਲੇ ਦਿਨ ਤੋਂ ਪੀਕੇ ਦਾ ਅਸਤੀਫਾ ਕੈਪਟਨ ਲਈ ਮੁਸੀਬਤ ਦਾ ਕਾਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਦੀ ਕਾਂਗਰਸ ਸਿਆਸਤ ਪਹਿਲਾਂ ਹੀ ਕੈਪਟਨ ਤੇ ਸਿੱਧੂ ਵਿਚਾਲੇ ਵੰਡੀ ਹੋਈ ਦਿਖਾਈ ਦੇ ਰਹੀ ਹੈ। ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਦੀ ਸਹਿਮਤੀ ਤੋਂ ਬਿਨਾਂ ਸੂਬਾ ਪ੍ਰਧਾਨ ਦੀ ਕਮਾਨ ਸੌਂਪੀ ਸੀ। ਪੀਕੇ ਮੁੱਖ ਮੰਤਰੀ ਕੈਪਟਨ ਤੇ ਸਿੱਧੂ ਦੇ ਵਿੱਚ ਵੀ ਕੜੀ ਰਹੀ ਹੈ। ਪੀਕੇ ਨੇ ਸਿੱਧੂ ਨੂੰ ਕਾਂਗਰਸ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਪੀਕੇ ਮੁੱਖ ਮੰਤਰੀ ਕੈਪਟਨ ਤੇ ਸਿੱਧੂ ਦਰਮਿਆਨ ਦੂਰੀ ਮਿਟਾਉਣ ਵਿੱਚ ਸਫਲ ਹੋ ਸਕਦੇ ਹਨ, ਪਰ ਉਨ੍ਹਾਂ ਨੇ ਇਸ ਸਾਰੀ ਗੜਬੜੀ ਤੋਂ ਦੂਰ ਰਹਿਣ ਬਾਰੇ ਸੋਚਿਆ। ਤਰੀਕੇ ਨਾਲ, ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਕਾਂਗਰਸ ਪੀਕੇ ਨੂੰ ਰਾਸ਼ਟਰੀ ਪੱਧਰ ‘ਤੇ ਕੋਈ ਵੀ ਜ਼ਿੰਮੇਵਾਰੀ ਸੌਂਪ ਸਕਦੀ ਹੈ, ਇਸ ਲਈ ਉਨ੍ਹਾਂ ਨੇ ਰਾਜ ਤੋਂ ਮੁਕਤ ਹੋਣ ਦਾ ਫੈਸਲਾ ਕੀਤਾ ਹੈ।

MUST READ