ਜਦੋਂ ‘ਮਾਂ ਦੀ ਮਮਤਾ’ ਨੇ ਲਿਆ ਖੌਫ਼ਨਾਕ ਰੂਪ
ਪੰਜਾਬੀ ਡੈਸਕ:- ਪੰਜਾਬ ਦੇ ਬਟਾਲਾ ਦੇ ਪਿੰਡ ਦਿਆਲਗੜ ਵਿੱਚ ਸ਼ੁੱਕਰਵਾਰ ਨੂੰ ਇੱਕ ਮਾਂ ਆਪਣੇ ਦੋਵੇਂ ਬੱਚਿਆਂ ਨਾਲ ਜ਼ਹਿਰੀਲੀ ਚੀਜ਼ ਨਿਗਲ ਗਈ। ਇਸ ਤੋਂ ਬਾਅਦ ਤਿੰਨਾਂ ਦੀ ਸਿਹਤ ਵਿਗੜ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਵਿਗੜਨ ਕਾਰਨ ਤਿੰਨਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਹਸਪਤਾਲ ‘ਚ ਇਲਾਜ ਦੌਰਾਨ ਚਾਰ ਸਾਲਾ ਬੇਟੇ ਦੀ ਮੌਤ ਹੋ ਗਈ, ਜਦਕਿ ਮਾਂ ਅਤੇ ਧੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਨੂੰ ਪਿੰਡ ਦਿਆਲਗੜ ਨਿਵਾਸੀ ਅੰਜੂ (35) ਨੇ ਆਪਣੇ ਚਾਰ ਸਾਲ ਦੇ ਬੇਟੇ ਸਿਹਕ ਮਸੀਹ ਅਤੇ ਛੇ ਸਾਲ ਦੀ ਬੇਟੀ ਖੁਸ਼ੀ ਦੇ ਨਾਲ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਤਿੰਨਾਂ ਦੀ ਹਾਲਤ ਵਿਗੜ ਗਈ। ਪਰਿਵਾਰਕ ਮੈਂਬਰ ਉਸਨੂੰ ਸਿਵਲ ਹਸਪਤਾਲ ਬਟਾਲਾ ਲੈ ਆਏ ਪਰ ਗੰਭੀਰ ਹਾਲਤ ਕਾਰਨ ਉਸਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਇਲਾਜ ਦੌਰਾਨ ਸਿਹਾਕ ਮਸੀਹ ਦੀ ਮੌਤ ਹੋ ਗਈ, ਪਰ ਅੰਜੂ ਅਤੇ ਖੁਸ਼ੀ ਅਜੇ ਵੀ ਇਲਾਜ ਅਧੀਨ ਹਨ।

ਥਾਣਾ ਸਦਰ ਬਟਾਲਾ ਦੇ ਐਸਐਚਓ ਸੁਖਰਾਜ ਸਿੰਘ ਨੇ ਦੱਸਿਆ ਕਿ, ਔਰਤ ਦੇ ਭਰਾ ਦੇ ਬਿਆਨ ’ਤੇ 174 ਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ। ਡਾਕਟਰਾਂ ਅਨੁਸਾਰ ਅੰਜੂ ਅਜੇ ਵੀ ਬੇਹੋਸ਼ ਹੈ। ਉਸ ਦੇ ਬਿਆਨ ਸੁਚੇਤ ਹੋਣ ਤੋਂ ਬਾਅਦ ਲਏ ਜਾਣਗੇ। ਇਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।