ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਮਾਮਲੇ ’ਚ ਟੀਵੀ ਐਂਕਰ ਗਿ੍ਫਤਾਰ

ਨੋਇਡਾ/ਬਿਊਰੋ ਨਿਊਜ਼ :ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਵਿੱਚ ਇਕ ਟੀਵੀ ਚੈਨਲ ਦੇ ਐਂਕਰ ਨੂੰ ਪੁਲੀਸ ਨੇ ਨਾਟਕੀ ਢੰਗ ਨਾਲ ਗਿ੍ਰਫ਼ਤਾਰ ਲਿਆ। ਛੱਤੀਸਗੜ੍ਹ ਦੀ ਪੁਲਿਸ ਸਵੇਰੇ 5:30 ਵਜੇ ਟੀਵੀ ਐਂਕਰ ਦੇ ਘਰ ਪਹੁੰਚੀ, ਜਿਸ ਨੂੰ ਦੇਖ ਟੀਵੀ ਐਂਕਰ ਨੇ ਇਕ ਟਵੀਟ ਕੀਤਾ ਅਤੇ ਉਤਰ ਪ੍ਰਦੇਸ਼ ਦੀ ਪੁਲਿਸ ਤੋਂ ਮਦਦ ਮੰਗੀ। ਗਾਜੀਆਬਾਦ ਪੁਲਿਸ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਟਵੀਟ ਰਾਹੀਂ ਦਿੰਦਿਆਂ ਕਿਹਾ ਕਿ ਉਹ ਮਦਦ ਲੈਣ ਲਈ ਜ਼ਰੂਰੀ ਕਾਰਵਾਈ ਕਰਨ। ਇਸ ਸਭ ਦੇ ਚਲਦਿਆਂ ਗਾਜ਼ੀਆਬਾਦ ਦੇ ਇੰਦਰਾਪੁਰਮ ਦੀ ਪੁਲਿਸ ਐਂਕਰ ਦੇ ਘਰ ਪਹੁੰਚ ਗਈ, ਜਿੱਥੇ ਉਨ੍ਹਾਂ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਰਾਏਪੁਰ ਅਤੇ ਇੰਦਰਾਪੁਰਮ ਪੁਲਿਸ ਦਰਮਿਆਨ ਖਿੱਚੋਤਾਣ ਚਲਦੀ ਰਹੀ ਅਤੇ ਇਸੇ ਦੌਰਾਨ ਨੋਇਡਾ ਪੁਲਿਸ ਦੀ ਐਂਟਰੀ ਹੋਈ।

ਨੋਇਡਾ ਪੁਲਿਸ ਨੇ ਐਂਕਰ ਖਿਲਾਫ਼ ਕੇਸ ਦਰਜ ਕੀਤਾ ਅਤੇ ਪੁਲਿਸ ਉਸ ਨੂੰ ਗਿ੍ਰਫ਼ਤਾਰ ਕਰਕੇ ਲੈ ਗਈ। ਧਿਆਨ ਰਹੇ ਕਿ ਟੀਵੀ ਐਂਕਰ ਨੇ ਆਪਣੇ ਸ਼ੋਅ ਦੌਰਾਨ ਇਕ ਵੀਡੀਓ ਕਲਿੱਪ ਚਲਾਇਆ ਸੀ, ਜਿਸ ਵਿਚ ਰਾਹੁਲ ਗਾਂਧੀ ਨੇ ਜੋ ਬਿਆਨ ਕੇਰਲ ਸਥਿਤ ਵਾਇਨਾਡ ਦਫ਼ਤਰ ’ਤੇ ਹੋਏ ਹਮਲੇ ਨੂੰ ਲੈ ਕੇ ਦਿੱਤਾ ਸੀ, ਉਸ ਬਿਆਨ ਨੂੰ ਉਦੇਪੁਰ ’ਚ ਹੋਈ ਟੇਲਰ ਦੀ ਹੱਤਿਆ ਨਾਲ ਜੋੜ ਦਿੱਤਾ ਗਿਆ। ਇਸ ਬਿਆਨ ਵਿਚ ਰਾਹੁਲ ਗਾਂਧੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਹਮਲਾ ਕਰਨ ਵਾਲੇ ਬੱਚੇ ਹਨ ਉਨ੍ਹਾਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਪ੍ਰੰਤੂ ਟੀਵੀ ਐਂਕਰ ਨੇ ਟੀਵੀ ਸ਼ੋਅ ਵਿਚ ਦੱਸਿਆ ਕਿ ਰਾਹੁਲ ਗਾਂਧੀ ਉਦੇਪੁਰ ’ਚ ਕਨੱਈਆ ਲਾਲ ਦੀ ਹੱਤਿਆ ਕਰਨ ਵਾਲਿਆਂ ਨੂੰ ਮੁਆਫ਼ ਕਰਨ ਲਈ ਕਹਿ ਰਹੇ ਹਨ।

MUST READ