ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਰਹੀਆਂ 9 ਪੈਨਸ਼ਨਾਂ ਦੀ ਅਸਲ ਸੱਚਾਈ ਆਈ ਸਾਹਮਣੇ
ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹਨਾਂ ਨੁੰ 9 ਪੈਨਸ਼ਨਾਂ ਮਿਲਣ ਦੀ ਲੰਬੇ ਸਮੇ ਤੋਂ ਛਿੜੀ ਚਰਚਾ ਦਾ ਸੱਚ ਆਖ਼ਿਰ ਇੱਕ ਆਰ ਟੀ ਆਈ ਰਾਹੀਂ ਸਾਹਮਣੇ ਆ ਗਿਆ ਹੈ। ਇਸ ਬਾਰੇ ਸੁਖਬੀਰ ਬਾਦਲ ਦੇ ਓ ਐਸ ਡੀ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੇ ਆਰ ਟੀ ਆਈ ਰਾਹੀਂ ਵਿਧਾਨ ਸਭਾ ਤੋਂ ਇਹ ਜਾਣਕਾਰੀ ਮੰਗੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਿੰਨੀ ਪੈਨਸ਼ਨ ਮਿਲਦੀ ਹੈ।
ਉਹਨਾਂ ਦੱਸਿਆ ਕਿ ਵਿਧਾਨ ਸਭਾ ਦੇ ਅਧੀਨ ਸਕੱਤਰ ਕਮ ਲੋਕ ਸੂਚਨਾ ਅਧਿਕਾਰੀ ਲਿਖਤੀ ਜਵਾਬ ਦਿੱਤਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਹੁਣ ਵਿਧਾਇਕ) ਨੂੰ ਪੰਜਾਬ ਵਿਧਾਨ ਸਭਾ ਵੱਲੋਂ ਬਤੌਰ ਐਮ ਐਲ ਏ ਰਹਿਣ ਕਰ ਕੇ ਪਿਛਲੇ ਸਮੇਂ ਦੌਰਾਨ ਪੈਨਸ਼ਨ ਨਹੀਂ ਦਿੱਤੀ ਗਈ। ਮੌਜੂਦਾ ਮੈਂਬਰ ਹੋਣ ਕਾਰਨ ਉਹਨਾਂ ਵੱਲੋਂ ਤਨਖਾਹ ਪ੍ਰਾਪਤ ਕੀਤੀ ਜਾ ਰਹੀ ਹੈ ਤੇ ਪੈਨਸ਼ਨ ਮਿਲਣਯੋਗ ਨਹੀਂ ਹੈ। ਪੈਨਸ਼ਨ ਕੇਵਲ ਸਾਬਕਾ ਵਿਧਾਇਕਾਂ ਨੂੰ ਹੀ ਦਿੱਤੀ ਜਾਂਦੀ ਹੈ। ਇਸ ਲਈ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਨੂੰ 9 ਪੈਨਸ਼ਨ ਮਿਲਣ ਦੀ ਗੱਲ ਸੱਚ ਨਹੀਂ ਹੈ।