ਸ਼੍ਰੋਮਣੀ ਅਕਾਲੀ ਦਲ ਨੇ 32 ਕਿਸਾਨ ਜਥੇਬੰਦੀਆ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਕੋਲ ਪਹੁੰਚ ਕਰਕੇ ਕੀਤੀ ਗੱਲਬਾਤ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਨੇ 32 ਕਿਸਾਨ ਜਥੇਬੰਦੀ ਦੇ ਨਾਲ ਨਾਲ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਕੋਲ ਪਹੁੰਚ ਕਰ ਕੇ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਾਰਟੀ ਦੀ ਗੱਲ ਪੰਜਾਬ ਦੀ ਮੁਹਿੰਮ ਬਾਰੇ ਗਲਤ ਫਹਿਮੀਆਂ ਦੂਰ ਕੀਤੀਆਂ ਜਾ ਸਕਣ। ਕਿਸਾਨ ਜਥੇਬੰਦੀਆਂ ਨੂੰ ਲਿਖੇ ਪੱਤਰ ਵਿਚ ਸਾਬਕਾ ਐੱਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਲਈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਹਰ ਫੈਸਲੇ ਦੀ ਹਮਾਇਤ ਵਿਚ ਡਟਿਆ ਹੈ।

ਉਹਨਾਂ ਕਿਹਾ ਕਿ ਇਸੇ ਭਾਵਨਾ ਨਾਲ ਤੇ ਕਿਸਾਨਾਂ ਦੀ ਭਲਾਈ ਵਾਸਤੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਤਾਂ ਜੋ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਕੀਤੀਆਂ ਜਾ ਸਕਣ ਅਤੇ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਨੇ ਯਕੀਨੀ ਬਣਾਉਣ ਵਾਸਤੇ ਇਕਜੁੱਟ ਹੋ ਕੇ ਕੰਮ ਕਰ ਸਕੀਏ। ਉਹਨਾਂ ਕਿਹਾ ਕਿ ਇਸੇ ਲਈ ਅਸੀਂ ਇਕ ਹਫਤੇ ਵਾਸਤੇ ਆਪਣੀ ਮੁਹਿੰਮ ਮੁਲਤਵੀ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ ਤੇ ਮਨਜਿੰਦਰ ਸਿੰਘ ਸਿਰਸਾ ਵੀ ਗੱਲਬਾਤ ਕਰਨ ਵਾਲੀ ਕਮੇਟੀ ਵਿਚ ਸ਼ਾਮਲ ਹਨ ਜੋ ਕਿਸਾਨ ਜਥੇਬੰਦੀਆਂ ਵੱਲੋਂ ਚੁਣੇ ਸਮੇਂ ਤੇ ਸਥਾਨ ’ਤੇ ਆ ਕੇ ਗੱਲਬਾਤ ਕਰਨਗੇ।

ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਗੱਲ ਪੰਜਾਬ ਦੀ ਮੁਹਿੰਮ ਰਾਹੀਂ ਲੋਕਾਂ ਤਕ ਪਹੁੰਚ ਕਰਨ ਅਤੇ ਕਾਂਗਰਸ ਦੇ ਕੁਸ਼ਾਸਨ ਕਾਰਨ ਤਬਾਹ ਪੰਜਾਬ ਦੀ ਪੁਨਰ ਸਿਰਜਣਾ ਲਈ ਲੋੜੀਂਦੇ ਕਦਮ ਚੁੱਕਣ ਵਾਸਤੇ ਫੀਡਬੈਕ ਲੈਣ ਦੀ ਪਹਿਲ ਕੀਤੀ ਹੈ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਕਿਸਾਨ ਜਥੇਬੰਦੀ ਇਸ ਭਾਵਨਾ ਨੂੰ ਸਮਝਣਗੀਆਂ ਅਤੇ ਮਹਿਸੂਸ ਕਰਨਗੀਆਂ ਕਿ ਅਸੀਂ ਕਿਸਾਨਾਂ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰ ਰਹੇ ਹਾਂ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਵੰਡੀ ਹੋਈ ਹੈ ਅਤੇ ਇਸਦੀ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਕਰਨ ਵਿਚ ਨਾਕਾਮ ਰਹੇ ਹਨ।

ਉਹਨਾਂ ਕਿਹਾ ਕਿ ਸਮਾਜ ਦੇ ਸਾਰੇ ਵਰਗ ਇਸ ਵੇਲੇ ਮੁਸ਼ਕਿਲ ਝੱਲ ਰਹੇ ਹਨ ਭਾਵੇਂ ਉਹ ਨੌਜਵਾਨ ਹੋਣ ਜਾਂ ਫਿਰ ਕਿਸਾਨ। ਉਹਨਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਦਾ ਕੋਈ ਰਾਜ ਨਹੀਂ ਹੈ ਅਤੇ ਗੈਂਗਸਟਰ ਸਭਿਆਚਾਰ ਸਿਖਰ ’ਤੇ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਹਿੱਤਾਂ ਖਿਲਾਫ ਕੰਮ ਕੀਤਾ ਹੈ ਤੇ ਹਮੇਸ਼ਾ ਦੋਗਲੀ ਰਣਨੀਤੀ ਅਪਣਾਈ ਹੈ। ਭਾਵੇਂ ਉਹ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ ਹੋਵੇ ਜਾਂ ਫਿਰ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਦਾ ਜਾਂ ਫਿਰ ਸੁਪਰੀਮ ਕੋਰਟ ਵਿਚ ਜਾ ਕੇ ਸੂਬੇ ਦੇ ਥਰਮਲ ਪਲਾਂਟ ਬੰਦ ਕਰਵਾਉਣ ਦਾ ਹੋਵੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੇ ਲੋਕਾਂ ਲਈ ਇਕੋ ਇਕ ਆਸ ਹੈ ਅਤੇ ਇਸੇ ਲਈ ਲੋਕ ਪਾਰਟੀ ਦੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੇ ਹਨ।

ਉਹਨਾਂ ਕਿਹਾ ਕਿ ਇਹ ਗੱਲ ਕਾਂਗਰਸ ਤੇ ਆਪ ਦੋਵਾਂ ਪਾਰਟੀਆਂ ਨੂੰ ਪਸੰਦ ਨਹੀਂ ਆ ਰਹੀ ਤੇ ਉਹ ਕਿਸਾਨਾਂ ਤੇ ਉਹਨਾਂ ਦੇ ਮਕਸਦ ਨੁੰ ਬਦਨਾਮ ਕਰਨ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ’ਤੇ ਤੁਲੀਆਂ ਹਨ। ਉਹਨਾਂ ਕਿਹਾ ਕਿ ਇਹ ਪਾਰਟੀਆਂ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੇਂਦਰ ਸਰਕਾਰ ਦੀ ਨੀਤੀ ਦਾ ਵੀ ਸ਼ਿਕਾਰ ਹੋ ਰਹੀਆਂ ਹਨ ਅਤੇ ਅਜਿਹੇ ਹਾਲਾਤ ਬਣਾ ਰਹੀਆਂ ਹਨ ਕਿ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਸਕੇ। ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਇਹ ਜ਼ਰੂਰੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਮਨਾਂ ਵਿਚ ਅਕਾਲੀ ਦਲ ਦੇ ਪ੍ਰੋਗਰਾਮਾਂ ਪ੍ਰਤੀ ਗਲਤਫਹਿਮੀਆਂ ਦੂਰ ਕੀਤੀਆਂ ਜਾ ਸਕਣ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਕਿਸਾਨ ਆਗੂ ਗੱਲਬਾਤ ਕਰਨ ਵਾਸਤੇ ਹਾਂ ਪੱਖੀ ਹੁੰਗਾਰਾ ਭਰਨਗੀਆਂ ਤਾਂ ਜੋ ਇਹ ਸਾਰਾ ਮਸਲਾ ਹਰ ਕਿਸੇ ਦੀ ਤਸੱਲੀ ਅਨੁਸਾਰ ਹੱਲ ਕੀਤਾ ਜਾ ਸਕੇ।

MUST READ