ਪੰਜਾਬ ਕਾਂਗਰਸ ‘ਚ ਨਹੀਂ ਮੁੱਕ ਰਿਹਾ ਅੰਦਰੂਨੀ ਕਲੇਸ਼ ਹੁਣ ਇਹਨਾਂ ਆਗੂਆਂ ਨੇ ਛੱਡੀ ਪਾਰਟੀ
2022 ਚੋਣਾਂ ਨਜ਼ਦੀਕ ਹਨ ਪਰ ਪੰਜਾਬ ਚੰਡੀਗੜ੍ਹ ਕਾਂਗਰਸ ‘ਚ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਦੀਪ ਭਾਰਦਵਾਜ ਤੋਂ ਬਾਅਦ ਹੁਣ ਸੱਤ ਹੋਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਸਾਰੇ ਪਾਰਟੀ ਮੈਂਬਰ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਦੇ ਹੀ ਕਰੀਬੀ ਰਹੇ ਹਨ। ਨਵੀਂ ਪ੍ਰਦੇਸ਼ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਸੱਤ ਕਾਂਗਰਸ ਆਗੂਆਂ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਅਸਤੀਫਾ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ। ਅਸਤੀਫੇ ਦਾ ਕਾਰਨ ਪਵਨ ਬੰਸਲ ਨੂੰ ਦੱਸਿਆ ਗਿਆ ਹੈ।
ਅਸਤੀਫੇ ‘ਚ ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਵਨ ਬਾਂਸਲ ਕਾਂਗਰਸ ਨੂੰ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰ੍ਹਾਂ ਚਲਾ ਰਹੇ ਹਨ। ਬਾਂਸਲ ਸਾਰੇ ਵਰਕਰਾਂ ਨੂੰ ਆਪਣਾ ਕਰਮਚਾਰੀ ਸਮਝ ਕੇ ਵਿਵਹਾਰ ਕਰਦੇ ਹਨ। ਅਜਿਹੇ ‘ਚ ਉਹ ਇਸ ਤਰ੍ਹਾਂ ਦੇ ਆਗੂ ਨਾਲ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਰੇਲ ਸਕੈਮ ਤੋਂ ਬਾਅਦ ਪਾਰਟੀ ਸ਼ਹਿਤ ‘ਚ ਕੋਈ ਚੋਣ ਨਹੀਂ ਜਿੱਤੀ ਹੈ। ਜਿਨ੍ਹਾਂ ਆਗੂਆਂ ਨੇ ਅਸਤੀਫਾ ਦਿੱਤਾ ਹੈ ਉਨ੍ਹਾਂ ‘ਚ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਮਹਾਜਨ, ਰਾਮਜੀਤ ਭਾਰਦਵਾਜ, ਬੇਅੰਤ ਸਿੰਘ, ਜ਼ਿਲ੍ਹਾ ਕਾਂਗਰਸ ਸਕੱਤਰ ਨਰਿੰਦਰ ਸਿੰਘ, ਦਿਨੇਸ਼ ਸ਼ਰਮਾ ਤੇ ਚਰਨਜੀਤ ਸ਼ਰਮਾ ਸ਼ਾਮਲ ਹਨ। ਜਦਕਿ ਸੰਦੀਪ ਭਾਰਦਵਾਜ ਦਾ ਦਾਅਵਾ ਹੈ ਕਿ ਅਗਲੇ ਦਿਨਾਂ ‘ਚ ਹੋਰ ਵੀ ਆਗੂ ਅਸਤੀਫਾ ਦੇਣਗੇ।
ਦੂਜੇ ਪਾਸੇ ਕਾਂਗਰਸ ਬੁਲਾਰੇ ਸਤੀਸ਼ ਕੈਂਥ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਪਿਛਲੇ ਮਹੀਨੇ ਹੋਈ ਹੈ। ਜ਼ਿਲ੍ਹਾ ਵਰਕਿੰਗ ਕਮੇਟੀ ਦਾ ਗਠਨ ਹਾਲੇ ਨਵੇਂ ਸਿਰੇ ਤੋਂ ਅਗਲੇ ਦਿਨਾਂ ‘ਚ ਹੋਣਾ ਹੈ। ਅਜਿਹੇ ‘ਚ ਜਿਨ੍ਹਾਂ ਆਗੂਆਂ ਨੇ ਅਸਤੀਫਾ ਦਿੱਤਾ ਹੈ ਉਹ ਇਸ ਸਮੇਂ ਜ਼ਿਲ੍ਹਾ ਵਰਕਿੰਗ ਕਮੇਟੀ ਦੇ ਅਹੁਦੇਦਾਰ ਨਹੀਂ ਸੀ। ਪਿਛਲੀ ਵਰਕਿੰਗ ਕਮੇਟੀ ਰੱਦ ਹੋ ਚੁੱਕੀ ਹੈ। ਕੈਂਥ ਦਾ ਕਹਿਣਾ ਹੈ ਕਿ ਬੇਵਜ੍ਹਾ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ। ਪਵਨ ਬਾਂਸਲ ਦੀ ਅਗਵਾਈ ‘ਚ ਵੀ ਚੰਡੀਗੜ੍ਹ ਕਾਂਗਰਸ ਕੰਮ ਕਰਦੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਬਾਂਸਲ ਦੀ ਅਗਵਾਈ ‘ਚ ਵੀ ਅਗਲੇ ਸਾਲ ਕਾਂਗਰਸ ਦਾ ਮੇਅਰ ਬਣੇਗਾ।