ਕਾਨੂੰਨ ਵਾਪਸੀ ‘ਤੇ ਕਿਸਾਨ ਦੀ ਸੋਚ ਅਟਲ, ਜਾਣੋ ਕੀ ਲਏ ਜਾ ਸਕਦੇ ਹਨ ਫੈਸਲੇ
ਪੰਜਾਬੀ ਡੈਸਕ :- ਪਿਛਲੇ 43 ਦਿਨਾਂ ਤੋਂ ਕਿਸਾਨ ਦਿੱਲੀ ਬਾਰਡਰ ‘ਤੇ ਡੱਟੇ ਹੋਏ ਹਨ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਆਪਣੇ ਸੰਘਰਸ਼ ਦੀ ਲੜਾਈ ਲੜ ਰਹੇ ਹਨ। ਦਸ ਦਈਏ ਹੁਣ ਤੱਕ ਕਿਸਾਨਾਂ ਅਤੇ ਸਰਕਾਰ ਵਿਚਾਲੇ 7 ਗੇੜ ਦੀ ਮੀਟਿੰਗ ਕੀਤੀ ਜਾ ਚੁੱਕੀ ਹੈ। ਅੱਜ ਕਿਸਾਨ ਜੱਥੇਬੰਦੀਆਂ ਸਰਕਾਰ ਦੇ ਮੰਤਰੀਆਂ ਨਾਲ ਅੱਠਵੇਂ ਗੇੜ ਦੀ ਮੁਲਾਕਾਤ ਕਰਨ ਵਾਲੇ ਹਨ। ਇਹ ਅੱਠਵਾਂ ਗੇੜ ਦੀ ਗੱਲਬਾਤ ਦੁਪਹਿਰ 2 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਉਲੀਕੀ ਜਾਣੀ ਹੈ। ਅੱਜ ਦੀ ਮੀਟਿੰਗ ਦੀ ਨਿਗਰਾਨੀ ਕੱਲ੍ਹ ਦੇ ਕਿਸਾਨ ਟਰੈਕਟਰ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਕੀਤੀ ਜਾਣੀ ਹੈ। ਹੁਣ ਤੱਕ ਹੋਈ ਗੱਲਬਾਤ ਵਿੱਚ, ਦੋਵੇਂ ਪੱਖ ਆਪੋ ਆਪਣੇ ਫੈਸਲੇ ‘ਤੇ ਅੜੇ ਹੋਏ ਹਨ। ਨਾ ਤਾਂ ਸਰਕਾਰ ਸਹਿਮਤ ਹੋਣ ਲਈ ਤਿਆਰ ਹੈ ਅਤੇ ਨਾ ਹੀ ਕਿਸਾਨ ਕਾਨੂੰਨਾਂ ‘ਚ ਸੋਧ ਕਰਨ ਲਈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਦੇ ਸੂਬਾ ਪ੍ਰਧਾਨ, ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ, ਅਸੀਂ ਇਹ ਉਮੀਦ ਲੈਕੇ ਜਾ ਰਹੇ ਹਾਂ ਕਿ ਸਰਕਾਰ ਕੁਝ ਕਰੇਗੀ, ਕਿਉਂਕਿ ਇਹ ਬਹੁਤ ਲੰਮਾ ਸਮਾਂ ਹੋ ਗਿਆ ਹੈ ਅਤੇ ਟਰੈਕਟਰ ਪਰੇਡ ਜੋ ਕੱਲ ਸਾਡੇ ਵਲੋਂ ਕੀਤੀ ਗਈ ਸੀ, ਉਸਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਸਮਝ ਆ ਗਿਆ ਹੋਣਾ ਚਾਹੀਦਾ ਹੈ ਕਿ ਕਿਸਾਨ ਇਕਜੁੱਟ ਹੋਕੇ ਆਪਣੀ ਲੜਾਈ ਲੜ ਰਿਹਾ ਹੈ ਅਤੇ ਹੁਣ ਪਿੱਛੇ ਹਟਣ ਵਾਲਾ ਨਹੀਂ ਹੈ।
ਉੱਥੇ ਹੀ ਨੈਸ਼ਨਲ ਵਿੰਗ ਵਰਕਰਜ਼ ਫੈਡਰੇਸ਼ਨ ਦੇ ਯੂਥ ਵਿੰਗ ਦੇ ਪ੍ਰਧਾਨ ਅਭਿਮਨਿਉ ਕੋਹਾੜ ਦਾ ਕਹਿਣਾ ਹੈ ਕਿ, ਸਰਕਾਰ ਨੂੰ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਐਮਐਸਪੀ ਗਰੰਟੀ ਐਕਟ ਲਾਗੂ ਕਰਨਾ ਚਾਹੀਦਾ ਹੈ। ਭਾਵੇਂ ਹੁਣ ਬਣਾਉਣਾ ਹੈ ਜਾਂ ਬਾਅਦ ਵਿੱਚ ਬਣਾਉਣਾ ਹੈ। ਉਨ੍ਹਾਂ ਕਿਹਾ ਜੇ ਸਰਕਾਰ ਜਲਦੀ ਫੈਸਲਾ ਨਹੀਂ ਲੈਂਦੀ ਤਾਂ ਇਹ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।
ਕਿਸਾਨ ਆਗੂ ਅਭਿਮਨਿਉ ਨੇ ਕਿਹਾ ਕਿ ਕੱਲ੍ਹ ਸਾਰਿਆਂ ਨੇ ਇਸ ਦੀ ਰਿਹਰਸਲ ਵੇਖ ਲਈ ਹੋਵੇਗੀ ਅਤੇ ਇਹ ਅੰਦੋਲਨ ਕੁਝ ਲੋਕਾਂ ਦੀ ਲਹਿਰ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਲਹਿਰ ਹੈ। ਅੱਜ ਦੀ ਮੀਟਿੰਗ ‘ਚ, ਅਸੀਂ ਸਕਾਰਾਤਮਕ ਸੋਚ ਨਾਲ ਜਾਵਾਂਗੇ. ਪਹਿਲਾਂ ਵੀ ਅਸੀਂ ਖੁੱਲੇ ਮਨ ਅਤੇ ਸਕਾਰਾਤਮਕ ਸੋਚ ਨਾਲ ਆਏ ਸੀ, ਪਰ ਸਰਕਾਰ ਫੈਸਲਾ ਦੇਣ ‘ਚ ਸਾਨੂੰ ਲਾਰਾ-ਲੱਪਾ ਲਾ ਰਹੀ ਹੈ।
ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ, ਸਾਨੂੰ ਉਮੀਦ ਹੈ ਕਿ ਅੱਜ ਦੀ ਗੱਲਬਾਤ ਵਿੱਚ ਕੋਈ ਹੱਲ ਨਾ ਕੱਢਿਆ ਗਿਆ ਤਾਂ ਕਿਸਾਨ ਸਰਕਾਰ ਦੀ ਗੱਲ ਨੂੰ ਸਮਝਣਗੇ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਬਣਾਏ ਗਏ ਹਨ। ਕੇਂਦਰੀ ਖੇਤੀਬਾੜੀ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ, ਸਰਕਾਰ ਨਾਲ ਪਹਿਲੀ ਗੱਲ-ਬਾਤ ‘ਚ ਕਿਸਾਨਾਂ ਨੇ ਬਦਲਾਅ ਦੀ ਗੱਲ ਕੀਤੀ ਸੀ, ਕਾਨੂੰਨ ਵਾਪਸ ਲੈਣ ਦੀ ਨਹੀਂ।