ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ 27 ਸਤੰਬਰ ਤੋਂ ਸੁਣਵਾਈ ਦਾ ਕਰੇਗੀ ਸਿੱਧਾ ਪ੍ਰਸਾਰਣ;ਯੂ ਟਿਊਬ ਚੈਨਲ ’ਤੇ ਚੱਲੇਗਾ ਲਾਈਵ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ 27 ਸਤੰਬਰ ਤੋਂ ਯੂ ਟਿਊਬ ਚੈਨਲ ’ਤੇ ਕਰਨ ਦਾ ਐਲਾਨ ਕੀਤਾ ਹੈ। ਪਿਛਲੇ ਦਿਨੀਂ ਸਾਰੇ ਜੱਜਾਂ ਨੇ ਸਰਬਸੰਮਤੀ ਨਾਲ ਸੰਵਿਧਾਨਕ ਬੈਂਚ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਕਰਨ ਦਾ ਪੋ੍ਗਰਾਮ ਉਲੀਕਿਆ। ਇਸ ਮੌਕੇ ਸੰਵਿਧਾਨਕ ਬੈਂਚ ਕੋਲ ਈ ਡਬਲਿਊ ਐਸ ਕੋਟੇ ਦਾ ਮਾਮਲਾ, ਭੁਪਾਲ ਗੈਸ ਕਾਂਡ ਦਾ ਮਾਮਲਾ, ਦਾਊਦੀ ਵੋਹਰਾ ਕਮਿਊਨਿਟੀ ਦਾ ਮਾਮਲਾ ਸੁਣਵਾਈ ਅਧੀਨ ਹੈ।

ਸੀਨੀਅਰ ਐਡਵੋਕੇਟ ਇੰਦਰਾ ਜੈਸਿੰਘ ਨੇ ਹਾਲ ਵਿਚ ਹੀ ਇਕ ਪੱਤਰ ਲਿਖ ਕੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਸੀ ਕਿ ਸਵੱਪਨਿਲ ਤਿ੍ਪਾਠੀ ਮਾਮਲੇ ਵਿਚ ਆਏ ਹਾਈਕੋਰਟ ਦੇ ਫੈਸਲੇ ਅਨੁਸਾਰ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਤਹਿਤ ਸੂਚਨਾ ਦੀ ਆਜ਼ਾਦੀ ਦੇ ਨਾਲ-ਨਾਲ ਇਨਸਾਫ ਤੱਕ ਪਹੁੰਚ ਦਾ ਅਧਿਕਾਰ ਵੀ ਜ਼ਰੂਰੀ ਹੈ। ਉਸ ਮਾਮਲੇ ਵਿਚ ਆਖਰੀ ਦਿਨ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਸ ਵੇਲੇ ਗੁਜਰਾਤ, ਉੜੀਸਾ, ਮੱਧ ਪ੍ਰਦੇਸ਼ ਅਤੇ ਕਰਨਾਟਕ ਸਣੇ ਕਈ ਹਾਈਕੋਰਟਾਂ ਨੇ ਆਪਣੀ ਕਾਰਵਾਈ ਦਾ ਯੂ ਟਿਊਬ ’ਤੇ ਸਿੱਧਾ ਪ੍ਰਸਾਰਣ ਕਰ ਦਿੱਤਾ ਹੈ। 

MUST READ