ਚੀਫ ਜਸਟਿਸ ਨੇ ਮਨੀਪੁਰ ਮਾਮਲੇ ’ਤੇ ਪੁੱਛਿਆ – ਹਿੰਸਾ ਤੋਂ ਬਾਅਦ ਕਿੰਨੀਆਂ ਐਫ.ਆਈ.ਆਰ. ਦਰਜ ਹੋਈਆਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਫ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰਚੂੜ ਨੇ ਕੇਂਦਰ ਸਰਕਾਰ ਅਤੇ ਮਨੀਪੁਰ ਦੀ ਸਰਕਾਰ ਨੂੰ ਪੁੱਛਿਆ ਕਿ ਮਨੀਪੁਰ ’ਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕਿੰਨੀਆਂ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਚੀਫ ਜਸਟਿਸ ਮਨੀਪੁਰ ਵਿਚ ਨਿਰਵਸਤਰ ਘੁਮਾਈਆਂ ਗਈਆਂ ਦੋ ਪੀੜਤ ਮਹਿਲਾਵਾਂ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੇ ਸਨ।

ਇਨ੍ਹਾਂ ਦੋਵਾਂ ਮਹਿਲਾਵਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਖਿਲਾਫ ਅਪੀਲ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਅਦਾਲਤ ਮਾਮਲੇ ਵਿਚ ਨਿਰਪੱਖ ਜਾਂਚ ਦਾ ਨਿਰਦੇਸ਼ ਦੇਵੇ। ਸੁਣਵਾਈ ਦੇ ਦੌਰਾਨ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਇਕ ਵੀਡੀਓ ਸਾਹਮਣੇ ਆਇਆ ਹੈ, ਪਰ ਇਹ ਇਕੱਲੀ ਘਟਨਾ ਨਹੀਂ ਹੈ, ਜਿੱਥੇ ਔਰਤਾਂ ’ਤੇ ਹਮਲਾ ਜਾਂ ਉਨ੍ਹਾਂ ਨਾਲ ਛੇੜਖਾਨੀ ਕੀਤੀ ਜਾਂਦੀ ਹੈ, ਇਸ ਤਰ੍ਹਾਂ ਦੀਆਂ ਹੋਰ ਔਰਤਾਂ ਵੀ ਹਨ। ਸਾਨੂੰ ਔਰਤਾਂ ਵਿਰੁੱਧ ਹਿੰਸਾ ਦੇ ਵਿਆਪਕ ਮੁੱਦੇ ਨੂੰ ਦੇਖਣ ਲਈ ਇਕ ਵਿਧੀ ਵੀ ਬਣਾਉਣੀ ਪਵੇਗੀ।

ਇਸ ਵਿਧੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਸਾਰੇ ਮਾਮਲਿਆਂ ਦਾ ਧਿਆਨ ਰੱਖਿਆ ਜਾਵੇ। ਇਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ 3 ਮਈ, ਜਦੋਂ ਮਨੀਪੁਰ ਵਿਚ ਹਿੰਸਾ ਸ਼ੁਰੂ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਅਜਿਹੀਆਂ ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ।

MUST READ