ਪੰਜਾਬ ਸਰਕਾਰ ਵਲੋਂ ਅਗਲੇ 6 ਮਹੀਨਿਆਂ ਚ 192 ਹੋਰ ਸੇਵਾਵਾਂ ਸੇਵਾ ਕੇਂਦਰਾਂ ਨਾਲ ਜੋੜਨ ਦਾ ਐਲਾਨ ਕਿਤੇ ਚੋਣ ਸਟੰਟ ਤਾਂ ਨਹੀਂ
2022 ਚੋਣਾਂ ਨਜ਼ਦੀਕ ਹਨ ਅਤੇ ਪੰਜਾਬ ਸਰਕਾਰ ਐਕਸ਼ਨ ਚ ਹੈ। ਇਸੇ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ‘ਚ ਲੋਕਾਂ ਨੂੰ ਵਧੀਆ ਸਰਕਾਰੀ ਸੇਵਾਵਾਂ ਦੇਣ ਦੇ ਇਰਾਦੇ ਨਾਲ ਅਗਲੇ 6 ਮਹੀਨਿਆਂ ਅੰਦਰ 516 ਸੇਵਾ ਕੇਂਦਰਾਂ ਦੇ ਨਾਲ 192 ਹੋਰ ਸੇਵਾਵਾਂ ਨੂੰ ਜੋੜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ 516 ਸੇਵਾ ਕੇਂਦਰ ਸਥਾਪਤ ਕਰ ਚੁੱਕੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ 6 ਮਹੀਨਿਆਂ ਅੰਦਰ 192 ਹੋਰ ਸੇਵਾਵਾਂ ਜੋੜ ਦਿੱਤੀਆਂ ਜਾਣ ਤਾਂ ਜੋ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕਟਣੇ ਪੈਣ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਨਾਲ ਸਰਕਾਰੀ ਸੇਵਾਵਾਂ ਨੂੰ ਜੋੜੇ ਜਾਣ ਕਾਰਨ ਸਮੇਂ ਦੀ ਬਚਤ ਤਾਂ ਹੋ ਰਹੀ ਹੈ, ਨਾਲ ਹੀ ਭ੍ਰਿਸ਼ਟਾਚਾਰ ‘ਤੇ ਵੀ ਰੋਕ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਪ੍ਰਸ਼ਾਸਨਿਕ ਸੁਧਾਰਾ ਦੇ ਕੰਮ ਜਾਰੀ ਰੱਖੇਗੀ।
ਇਥੇ ਇਹ ਦਸਣਾ ਬਣਦਾ ਹੈ ਕਿ ਸੇਵਾ ਕੇਂਦਰ ਲੰਬੇ ਸਮੇਂ ਤੋਂ ਬੰਦ ਪਏ ਹਨ ਪਰ ਜੀਓ ਹੀ ਚੋਣਾਂ ਨਜ਼ਦੀਕ ਆ ਰਹੀਆਂ ਹਨ ਸਰਕਾਰ ਵਲੋਂ ਇਹਨਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਜਾ ਰਿਹਾ ਹੈ। ਪਰ ਕੀ ਅਸਲੀਅਤ ਚ ਇਹਨਾਂ ਸੇਵਾ ਕੇਂਦਰਾਂ ਚ ਲੋਕਾਂ ਨੇ ਕੋਈ ਸਹੂਲਤਾਂ ਮਿਲਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।