ਵਾਹ-ਵਾਹ ਦੇ ਚੱਕਰ ’ਚ ਉਲਝੀ ‘ਆਪ’ ਸਰਕਾਰ

ਭਿ੍ਸ਼ਟ ਮੰਤਰੀਆਂ ਦੇ ਨਾਲ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਦੀ ਲਗਾਈ ਤਸਵੀਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਾਹ-ਵਾਹ ਚੱਕਰ ਵਿਚ ਉਲਝੀ ਹੋਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਸ਼ੋਸ਼ਲ ਮੀਡੀਆ ਪੇਜ਼ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਲਿਖਿਆ ਕਿ ਮਾਨ ਸਰਕਾਰ ’ਚ ਫੜੇ ਜਾਣਗੇ ਸਾਰੇ ਭਿ੍ਰਸ਼ਟਾਚਾਰੀ ਅਤੇ ਪੰਜਾਬ ਨੂੰ ਲੁੱਟਣ ਵਾਲਿਆਂ ਦਾ ਹੋ ਰਿਹਾ ਹੈ ਹਿਸਾਬ।

ਇਸ ਪੋਸਟਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾ ਕੇ ਭਿ੍ਰਸ਼ਟਾਚਾਰ ਵਿਚ ਸ਼ਾਮਲ ਰਹੇ ਸਾਧੂ ਸਿੰਘ ਧਰਮਸੋਤ, ਜੋਗਿੰਦਰ ਸਿੰਘ ਭੋਆ ਅਤੇ ਸੰਗਤ ਸਿੰਘ ਗਿਲਜ਼ੀਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਪ੍ਰੰਤੂ ਇਨ੍ਹਾਂ ਤਸਵੀਰਾਂ ਵਿਚ ਹੀ ‘ਆਪ’ ਸਰਕਾਰ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਤਸਵੀਰ ਵੀ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਵੀ ਭਿ੍ਰਸ਼ਟਾਚਾਰੀ ਕਰਾਰ ਦੇ ਦਿੱਤਾ। ਹਾਲਾਂਕਿ ਪੋਸਟ ਪਾਉਂਦੇ ਉਨ੍ਹਾਂ ਨੂੰ ਇਸ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਕੁੱਝ ਮਿੰਟਾਂ ਬਾਅਦ ਹੀ ਇਸ ਪੋਸਟ ਨੂੰ ਹਟਾ ਦਿੱਤਾ ਗਿਆ ਪ੍ਰੰਤੂ ਉਦੋਂ ਤੱਕ ਦੇਰ ਹੋ ਚੁੱਕੀ ਸੀ ਕਿਉਂਕਿ ਇਸ ਦੇ ਸਕਰੀਨ ਸ਼ੌਟ ਲਏ ਜਾ ਚੁੱਕੇ ਸਨ। ਇਸ ਦਾ ਪਤਾ ਲਗਦਿਆਂ ਹੀ ਇਕਬਾਲ ਸਿੰਘ ਲਾਲਪੁਰਾ ਨੇ ‘ਆਪ’ ਸਰਕਾਰ ਨੂੰ ਮਾਨਹਾਨੀ ਦਾ ਨੋਟਿਸ ਭੇਜ ਦਿੱਤਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗਲਤੀ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ।

MUST READ