ਬੇਅਦਬੀ ਕਰਨ ਵਾਲਿਆਂ ਨੂੰ ਦਵਾਵਾਂਗੇ ਕੜੀ ਸਜ਼ਾ, ਖੇਤੀ ਕਨੂੰਨ ਵੀ ਹੋਣਗੇ ਰੱਦ: ਨਵਜੋਤ ਸਿੱਧੂ

ਨਵਜੋਤ ਸਿੱਧੂ ਵਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਜਿਹੀ ਸਜ਼ਾ ਦਿਵਾਵਾਂਗੇ ਕਿ ਪੀੜ੍ਹੀਆਂ ਤਕ ਮਿਸਾਲ ਕਾਇਮ ਰਹੇਗੀ। ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਮਹਿੰਗੀ ਬਿਜਲੀ ਲਈ ਅਕਾਲੀ ਦਲ ਬਾਦਲ ਦੇ ਨਿੱਜੀ ਕੰਪਨੀਆਂ ਨਾਲ ਥਰਮਲ ਪਲਾਂਟਾਂ ਬਾਰੇ ਕੀਤੇ ਗਏ ਸਮਝੌਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਏਜੰਡੇ ‘ਚ ਇਹ ਮੁੱਦਾ ਵੀ ਸ਼ਾਮਲ ਹੈ ਅਤੇ ਮੁੱਖ ਮੰਤਰੀ ਨੇ ਵੀ ਹੁਣ ਇਸ ‘ਤੇ ਨਿਰਦੇਸ਼ ਦੇ ਦਿੱਤੇ ਹਨ ਕਿ ਸਮਝੌਤੇ ਰੱਦ ਕੀਤੇ ਜਾਣ। ਸਿੱਧੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ‘ਚ ਸਭ ਤੋਂ ਅਹਿਮ ਬਿਜਲੀ ਖ਼ਰੀਦ ਦੇ ਸਮਝੌਤੇ ਹਨ। ਬਾਦਲ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੋਲਰ ਊਰਜਾ ਸਬੰਧੀ ਵੀ ਬਹੁਤ ਮਹਿੰਗਾ ਸਮਝੌਤਾ ਕੀਤਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਜਿਸ ਤਰ੍ਹਾਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਸਮਝੌਤਾ ਵਿਧਾਨ ਸਭਾ ‘ਚ ਰੱਦ ਕੀਤਾ ਗਿਆ ਹੈ, ਉਸੇ ਤਰ੍ਹਾਂ ਹੀ ਖੇਤੀ ਕਾਨੂੰਨ ਵੀ ਵਿਧਾਨ ਸਭਾ ‘ਚ ਰੱਦ ਕਰਵਾਵਾਂਗੇ।


ਦੱਸ ਦਈਏ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਪਿੱਛੋਂ ਪਹਿਲੀ ਵਾਰ ਵਰਕਰਾਂ ਨੂੰ ਮਿਲਣ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁੜ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ। ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਏਜੰਡਾ ਸੌਂਪ ਕੇ ਪੰਜਾਬ ਦੇ ਮੁੱਦੇ ਹੱਲ ਕਰਨ ਦੀ ਨੀਂਹ ਰੱਖ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਦਿਲਾਂ ਦੀ ਪਹਿਰੇਦਾਰੀ ਕਰਦਾ ਆਇਆ ਹਾਂ ਤੇ ਮੈਂ ਉਨਾਂ ਦਾ ਪਹਿਰੇਦਾਰ ਹਾਂ। ਪੰਜਾਬੀਆਂ ਦੇ ਦਿਲ ਦੀ ਆਵਾਜ਼ ਹਮੇਸ਼ਾ ਚੁੱਕਦਾ ਰਿਹਾ ਹਾਂ ਅਤੇ ਅੱਗੋਂ ਵੀ ਚੁੱਕਦਾ ਰਹਾਂਗਾ। ਕਾਂਗਰਸੀ ਹਾਈ ਕਮਾਨ ਨੇ ਜੋ 18 ਨੁਕਾਤੀ ਫਾਰਮੂਲਾ ਦਿੱਤਾ ਹੈ, ਉਸ ਫਾਰਮੂਲੇ ਨੂੰ ਪੰਜਾਬ ‘ਚ ਹਰ ਹਾਲ ‘ਚ ਲਾਗੂ ਕਰਵਾ ਕੇ ਹੀ ਰਹਾਂਗਾ। ਇਸ ਵਿਚ ਜੋ ਵੀ ਰੋੜਾ ਅਟਕਾਏਗਾ, ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।


ਇਸ ਮੌਕੇ ਗੱਲ ਕਰਦਿਆਂ ਨਵਜੋਤ ਸਿੱਧੂ ਨੇ ਨਸ਼ਾ ਤਸਕਰਾਂ ਤੇ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ‘ਤੇ ਬਿਨਾਂ ਕਿਸੇ ਦਾ ਨਾਂ ਲਏ ਨਿਸ਼ਾਨਾ ਲਾਇਆ ਤੇ ਕਿਹਾ ਕਿ ਪੰਜਾਬ ਦੇ 6 ਫੁੱਟ 4 ਇੰਚ ਲੰਬੇ ਆਗੂ ਨੂੰ ਸਬਕ ਸਿਖਾਉਣਾ ਹੈ। ਉਨ੍ਹਾਂ ਨੇ ਵਰਕਰਾਂ ਤੋਂ ਵੱਡੇ ਅਕਾਲੀ ਆਗੂਆਂ ਵਿਰੁੱਧ ਨਾਅਰੇ ਵੀ ਲਗਵਾਏ। ਸਿੱਧੂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਐੱਸਟੀਐੱਫ ਦੀ ਰਿਪੋਰਟ ‘ਚ ਜਿਨ੍ਹਾਂ ਦਾ ਨਾਂ ਆਇਆ ਹੈ, ਉਹ ਕਾਰਵਾਈ ਦੇ ਘੇਰੇ ‘ਚ ਆਉਣਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।


ਵਾਰ-ਵਾਰ ਆਪਣੀ ਹੀ ਸਰਕਾਰ ਦੇ ਕੰਮ ‘ਤੇ ਉਂਗਲ ਚੁੱਕ ਰਹੇ ਨਵਜੋਤ ਸਿੰਘ ਸਿੱਧੂ ਹੁਣ ਪਾਰਟੀ ਹਾਈ ਕਮਾਨ ਦੇ ਦਬਾਅ ‘ਚ ਨਜ਼ਰ ਆ ਰਹੇ ਹਨ। ਕਿਉਕਿ ਹਾਈ ਕਮਾਨ ਨੇ ਸਿੱਧੂ ਨੂੰ ਸਾਫ ਹਦਾਇਤ ਦੇ ਦਿੱਤੀ ਹੈ ਕਿ ਉਹ ਬਿਆਨਬਾਜ਼ੀ ਦੂਰ ਰਹਿਣ। ਦੱਸਣਯੋਗ ਹੈ ਕਿ ਸਾਰੇ ਮੁੱਦਿਆਂ ‘ਤੇ ਬੇਬਾਕ ਬੋਲਣ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਅੱਗੇ ਤੋਂ ਜਨਤਕ ਤੌਰ ‘ਤੇ ਇਹ ਮੁੱਦੇ ਨਾ ਚੁੱਕ ਸਕਣ ਕਿਉਂਕਿ ਉਨ੍ਹਾਂ ਨੇ ਪਾਰਟੀ ਸੰਗਠਨ ਦਾ ਕੰਮ ਕਰਨਾ ਹੈ। ਹਾਲਾਂਕਿ ਸਿੱਧੂ ਨੇ ਕਿਹਾ ਕਿ ਉਹ ਪੰਜਾਬ ‘ਚ ਰੋਸ ਮੁਜ਼ਾਹਰੇ ਕਰਨ ਵਾਲਿਆਂ ਦੀ ਹਮਾਇਤ ਕਰਦੇ ਹਨ, ਚਾਹੇ ਉਹ ਡਾਕਟਰ, ਨਰਸਾਂ, ਸਫ਼ਾਈ ਮੁਲਾਜ਼ਮ ਜਾਂ ਹੋਰ ਮੁਲਾਜ਼ਮ ਹੋਣ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਪ੍ਰਦਰਸ਼ਨਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ। ਦੇਖਣ ਵਾਲੀ ਗੱਲ ਹੈ ਕਿ ਆਖਰ ਇੰਨੇ ਘੱਟ ਸਮੇ ਚ ਕਿਵੇ ਇਹ ਸਭ ਮਸਲੇ ਹੱਲ ਕਰਦੀ ਹੈ ਕਾਂਗਰਸ।

MUST READ