SC ਖਿਲਾਫ ਕੀਤੇ ਟਵੀਟ ‘ਤੇ ਸਟੈਂਡਅਪ ਕਾਮੇਡੀਅਨ ਨੇ ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ
ਪੰਜਾਬੀ ਡੈਸਕ:- ਸੁਪਰੀਮ ਕੋਰਟ ਦੀ ਨਿੰਦਿਆ ਬਾਰੇ ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਖਿਲਾਫ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਤੋਂ ਮੁਆਫੀ ਮੰਗਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਹੈ। ਕਾਮਰਾ ਨੇ ਆਪਣੇ ਹਲਫਨਾਮੇ ‘ਚ ਕਿਹਾ ਜੇ ਅਦਾਲਤ ਨੂੰ ਵਿਸ਼ਵਾਸ ਹੈ ਕਿ, ਉਸਨੇ ਹੱਦ ਲੰਘੀ ਹੈ ਤਾਂ ਉਹ ਵੀ ਆਪਣੇ ਕਸ਼ਮੀਰੀ ਦੋਸਤਾਂ ਵਾਂਗ 15 ਅਗਸਤ ਨੂੰ ਸੁਤੰਤਰਤਾ ਦਿਵਸ ਦੀ ਮੁਬਾਰਕ ਦਾ ਇੱਕ ਪੋਸਟਕਾਰਡ ਲਿਖ ਦੇਵੇਗਾ।
ਸੁਪਰੀਮ ਕੋਰਟ ਦੇ ਨੋਟਿਸ ਦਾ ਜੁਆਬ ਦਿੰਦਿਆਂ ਕੁਨਾਲ ਕਾਮਰਾ ਨੇ ਕਿਹਾ ਕਿ, ਨਿਆਂਪਾਲਿਕਾ ‘ਚ ਲੋਕਾਂ ਦਾ ਭਰੋਸਾ ਸੰਸਥਾ ਦੀ ਕਾਰਵਾਈ ‘ਤੇ ਅਧਾਰਤ ਹੈ, ਕਿਸੇ ਦੀ ਆਲੋਚਨਾ ਜਾਂ ਟਿੱਪਣੀ ‘ਤੇ ਨਹੀਂ। ਕਾਮਰਾ ਨੇ ਕਿਹਾ ਕਿ, ਮੁਨੱਵਰ ਫਾਰੂਕੀ ਵਰਗੇ ਹਾਸਰਸ ਕਲਾਕਾਰਾਂ ਨੂੰ ਚੁਟਕਲੇ ਲਈ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਹੈ। ਅਸੀਂ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਵੇਖਦੇ ਹਾਂ ਜੋ ਉਨ੍ਹਾਂ ਨੇ ਨਹੀਂ ਕੀਤਾ। ਬਹਿਰਹਾਲ ਜਸਟਿਸ ਅਸ਼ੋਕ ਭੂਸ਼ਣ, ਆਰ ਸੁਭਾਸ਼ ਰੈੱਡੀ ਅਤੇ ਐਮਆਰ ਸ਼ਾਹ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ।