ਕਿ੍ਕਟ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ’ਚ ਭਾਰਤ ਨਾਲ ਭਿੜੇਗਾ ਸ੍ਰੀਲੰਕਾ

ਸੁਪਰ ਫੋਰ ’ਚ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਆਖਰੀ ਗੇਂਦ ’ਤੇ ਹਰਾਇਆ

ਕੋਲੰਬੋ/ਬਿਊਰੋ ਨਿਊਜ਼ : ਸ੍ਰੀਲੰਕਾ ਕਿ੍ਰਕਟ ਏਸ਼ੀਆ ਕੱਪ 2023 ਦੇ ਫਾਈਨਲ ਮੁਕਾਬਲੇ ਵਿਚ ਪਹੁੰਚ ਗਈ ਹੈ। ਸ੍ਰੀਲੰਕਾ ਦੀ ਟੀਮ ਨੇ ਸੁਪਰ ਫੋਰ ਮੁਕਾਬਲੇ ’ਚ ਪਾਕਿਸਤਾਨ ਦੀ ਟੀਮ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਮੈਚ ਦੀ ਆਖਰੀ 2 ਗੇਂਦਾਂ ’ਤੇ ਸ੍ਰੀਲੰਕਾ ਨੂੰ ਜਿੱਤ ਦੇ ਲਈ 6 ਦੌੜਾਂ ਦੀ ਜ਼ਰੂਰਤ ਸੀ। ਚਰਿਥ ਅਸਾਲਕਾਂ ਨੇ ਅਗਲੀ ਗੇਂਦ ’ਤੇ ਚੌਕਾ ਲਗਾ ਦਿੱਤਾ ਅਤੇ ਆਖਰੀ ਗੇਂਦ ’ਤੇ 2 ਦੌੜਾਂ ਬਣਾ ਕੇ ਸ੍ਰੀਲੰਕਾ ਨੂੰ ਰੋਮਾਂਚਕ ਜਿੱਤ ਦਿਵਾ ਦਿੱਤੀ। ਸ੍ਰੀਲੰਕਾ ਦੀ ਟੀਮ 11ਵੀਂ ਵਾਰ ਵਨ ਡੇਅ ਕ੍ਰਿਕਟ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿਚ ਪਹੁੰਚੀ ਹੈ। ਹੁਣ ਆਉਂਦੀ 17 ਸਤੰਬਰ ਨੂੰ ਕੋਲਬੋ ਦੇ ਮੈਦਾਨ ’ਤੇ ਖਿਤਾਬੀ ਮੁਕਾਬਲੇ ’ਚ ਸ੍ਰੀਲੰਕਾ ਦਾ ਮੁਕਾਬਲਾ ਭਾਰਤ ਨਾਲ ਹੋਵੇਗਾ। ਇਸ ਤੋਂ ਪਹਿਲਾ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 42 ਓਵਰਾਂ ’ਚ 7 ਵਿਕਟ ਗੁਆ 252 ਦੌੜਾਂ ਬਣਾਈਆਂ। ਬਾਅਦ ’ਚ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ 42 ਓਵਰਾਂ ’ਚ 8 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਆਖਰੀ 2 ਓਵਰਾਂ ’ਚ ਸ੍ਰੀਲੰਕਾ ਨੂੰ ਜਿੱਤ ਲਈ 12 ਦੌੜਾਂ ਦੀ ਜ਼ਰੂਰਤ ਸੀ ਅਤੇ ਪਾਕਿਸਤਾਨੀ ਗੇਂਦਬਾਜ਼ ਸ਼ਾਹੀਨੀ ਅਫਰੀਦੀ ਗੇਂਦਬਾਜ਼ੀ ਕਰਨ ਲਈ ਆਏ। ਉਸ ਸਮੇਂ ਸ੍ਰੀਲੰਕਾ ਦਾ ਸਕੋਰ 5 ਵਿਕਟਾਂ ’ਤੇ 240 ਸੀ ਅਤੇ ਸ਼ਾਹੀਨ ਦੀ ਪਹਿਲੀ ਗੇਂਦ ’ਤੇ 3 ਦੌੜਾਂ ਬਣੀਆਂ ਅਤੇ ਤੀਸਰੀ ਗੇਂਦ ਕੋਈ ਦੌੜ ਨਹੀਂ। ਚੌਥੀ ਗੇਂਦ ’ਤੇ ਧਨੰਜੇ ਡੀਸਿਲਵਾ ਲਾਂਗ ਆਨ ’ਤੇ ਕੈਚ ਆਊਟ ਹੋ ਗਏ ਅਤੇ ਪੰਜਵੀਂ ਗੇਂਦ ’ਤੇ ਦੁਨੀਥਾ ਬੇਲਾਲਾਗੇ ਵੀ ਕੈਚ ਆਊਟ ਹੋ ਗਏ। 41ਵੇਂ ਓਵਰ ਦੀ ਆਖਰੀ ਗੇਂਦ ’ਤੇ 1 ਦੌੜ ਬਣੀ।

ਹੁਣ ਆਖਰੀ ਓਵਰ ਦੀਆਂ 6 ਗੇਂਦਾਂ ’ਚ ਸ੍ਰੀਲੰਕਾ ਨੂੰ 8 ਦੌੜਾਂ ਦੀ ਜ਼ਰੂਰਤ ਸੀ। ਪਾਕਿਸਤਾਨੀ ਗੇਂਦਬਾਜ਼ ਜਮਾਨ ਖਾਨ ਦੇ ਸਾਹਮਣੇ ਪ੍ਰਮੋਦ ਮਦੁਸ਼ਨ ਅਤੇ ਚਰਿਥ ਅਸਾਲਕਾਂ ਸਨ ਅਤੇ ਪਹਿਲੀ ਗੇਂਦ ’ਤੇ ਲੈਗ ਬਾਏ ਦੀ ਇਕ ਦੌੜ ਮਿਲੀ। ਅਗਲੀ ਗੇਂਦ ’ਤੇ ਕੋਈ ਦੌੜ ਨਹੀਂ ਬਣੀ ਅਤੇ ਤੀਸਰੀ ਗੇਂਦ ’ਤੇ ਇਕ ਦੌੜ ਬਣੀ। ਚੌਥੀ ਗੇਂਦ ’ਤੇ ਮਦੁਸ਼ਨ ਰਨ ਆਊਟ ਹੋ ਗਏ। ਆਖਰੀ 2 ਗੇਂਦਾਂ ’ਤੇ 6 ਦੌੜਾਂ ਦੀ ਜ਼ਰੂਰਤ ਸੀ ਅਤੇ ਜ਼ਮਾਨ ਨੇ ਆਫ਼ ਸਟੰਪ ਦੇ ਬਾਹਰ ਗੇਂਦ ਸੁੱਟੀ ਤਾਂ ਅਸਾਲਕਾਂ ਨੇ ਤੇਜੀ ਨਾਲ ਬੈਟ ਘੁਮਾਇਆ ਅਤੇ ਗੇਂਦ 4 ਦੌੜਾਂ ਲਈ ਚਲੀ ਗਈ। ਆਖਰੀ ਗੇਂਦ ’ਤੇ ਸ੍ਰੀਲੰਕਾ ਨੂੰ 2 ਦੌੜਾਂ ਦੀ ਜ਼ਰੂਰਤ ਸੀ ਅਤੇ ਜਮਾਨ ਨੇ ਮਿਡਲ ਸਟੰਪ ’ਤੇ ਗੇਂਦ ਸੁੱਟੀ ਅਤੇ ਅਸਾਲਕਾਂ ਨੇ 2 ਦੌੜਾਂ ਲੈ ਕੇ ਆਪਣੀ ਟੀਮ ਨੂੰ ਰੋਮਾਂਚਕ ਮੁਕਾਬਲੇ ’ਚ ਜਿੱਤ ਦਿਵਾ ਦਿੱਤੀ।

MUST READ