ਕਾਲੇ ਕਨੂੰਨ ਰੱਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਮਾਨਸੂਨ ਸੈਸ਼ਨ ਸਤੰਬਰ ਨੂੰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ. ਪੀ. ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਮਾਨਸੂਨ ਇਜਲਾਸ ਸਤੰਬਰ ਮਹੀਨੇ ਵਿਚ ਬੁਲਾਇਆ ਜਾ ਸਕਦਾ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਮਾਣਯੋਗ ਗਵਰਨਰ ਨੂੰ ਪੱਤਰ ਲਿਖ ਕੇ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਕੇ. ਪੀ. ਰਾਣਾ ਮਾਛੀਵਾੜਾ ਨੇੜਲੇ ਪਿੰਡ ਜੋਧਵਾਲ ਵਿਖੇ ਆਪਣੇ ਨਜ਼ਦੀਕੀ ਸਾਥੀ ਕਾਂਗਰਸੀ ਆਗੂ ਰਾਣਾ ਬਲਵੀਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇੱਥੇ ਉਹ ਬਲਵੀਰ ਰਾਣਾ ਦੀ ਭਰ ਜਵਾਨੀ ਵਿਚ ਸਵਰਗਵਾਸ ਹੋਈ ਨੂੰਹ ਅਨੂੰ ਰਾਣਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਆਏ ਸਨ।


ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਸਪੀਕਰ ਕੇ. ਪੀ. ਰਾਣਾ ਨੇ ਕਿਹਾ ਕਿ ਜਿਹੜੇ ਵੀ ਵਿਧਾਇਕਾਂ ਨੇ ਪਾਰਟੀ ਛੱਡ ਕੇ ਦਲ ਬਦਲਿਆ ਹੈ, ਉਨ੍ਹਾਂ ਸਬੰਧੀ ਕਾਨੂੰਨ ਤਹਿਤ ਆਉਣ ਵਾਲੇ ਸਮੇਂ ‘ਚ ਜਲਦ ਹੀ ਫ਼ੈਸਲਾ ਲਿਆ ਜਾਵੇਗਾ। ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਬਾਰੇ ਗੱਲਬਾਤ ਕਰਦਿਆਂ ਸਪੀਕਰ ਕੇ. ਪੀ. ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੋਂ ਅਧਿਕਾਰ ਖੋਹ ਰਹੀ ਹੈ ਕਿਉਂਕਿ ਅਜਿਹੇ ਕਾਨੂੰਨ ਪਾਸ ਕਰਨਾ ਸੂਬੇ ਦਾ ਅਧਿਕਾਰ ਹੈ, ਜਦੋਂ ਕਿ ਕੇਂਦਰ ਉਲੰਘਣਾ ਕਰ ਅਜਿਹੇ ਕਾਨੂੰਨ ਜ਼ਬਰੀ ਥੋਪ ਰਹੀ ਹੈ। ਕੇ. ਪੀ. ਰਾਣਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਹਨ ਕਿਉਂਕਿ ਇਹ ਕਿਸਾਨਾਂ ਲਈ ਬੇਹੱਦ ਮਾਰੂ ਸਾਬਿਤ ਹੋਣਗੇ। ਇਸ ਮੌਕੇ ਪੰਜਾਬ ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਨੰਬਰਦਾਰ ਰਾਣਾ ਕੰਵਲ ਸਿੰਘ, ਸਤਨਾਮ ਸਿੰਘ ਝੜੌਦੀ, ਸਰਪੰਚ ਬਿੱਟੂ ਖਾਨਪੁਰ, ਰਾਣਾ ਲਖਵੀਰ ਸਿੰਘ, ਰਾਣਾ ਸੁਰਜੀਤ ਸਿੰਘ, ਰਾਣਾ ਮਨਫੂਲ ਸਿੰਘ, ਨਰਿੰਦਰਪਾਲ ਸਿੰਘ, ਬਗੀਚਾ ਸਿੰਘ, ਦਵਿੰਦਰ ਰਾਣਾ, ਅਸ਼ੋਕ ਕੁਮਾਰ ਜੋਧਵਾਲ, ਡਾ. ਸਲੀਮ, ਧਰਮਪਾਲ, ਲੱਕੀ ਰਾਣਾ ਆਦਿ ਵੀ ਮੌਜੂਦ ਸਨ।

MUST READ