ਸਿੱਖ ਜਥੇਬੰਦੀਆਂ ਦੀ ਸਰਕਾਰਾਂ ਨੂੰ ਚਿਤਾਵਨੀ: ਬੇਅਦਬੀ ਦੀਆਂ ਘਟਨਾਵਾਂ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ

ਪੰਜਾਬ ਚ ਇਹਨੀ ਦਿਨੀ 2022 ਚੋਣਾਂ ਦੀਆਂ ਤਿਆਰੀਆਂ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਜਿਹੇ ਚ ਰਾਜਸੀ ਆਗੂ ਇਸ ਮੁੱਦੇ ਨੂੰ ਬਾਰ ਬਾਰ ਉਠਾ ਰਹੇ ਹਨ । ਇਸ ਪ੍ਰਤੀ ਸਖ਼ਤ ਨੋਟਿਸ ਲੈਂਦੀਆਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਫ਼ ਸ਼ਬਦਾਂ ਚ ਕਿਹਾ ਗਿਆ ਹੈ ਕਿ ਕੋਈ ਵੀ ਰਾਜਸੀ ਆਗੂ ਇਸਨੂੰ ਸਿਆਸੀ ਮੁੱਦਾ ਨਾ ਬਣਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਦੇਸ਼-ਵਿਦੇਸ਼ ਵਿਚ ਕਾਰਜਸ਼ੀਲ 70 ਤੋਂ ਵੱਧ ਸਿੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਸੈਮੀਨਾਰ ਹਾਲ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਕੀਤਾ।

ਇਸ ਵਿਚ ਮੁੱਖ ਤੌਰ ‘ਤੇ ਸਿੱਖ ਵਿੱਦਿਆ, ਨਵੀਂ ਪੀੜ੍ਹੀ ਦੀ ਸੰਭਾਲ, ਸਿੱਖ ਆਰਥਿਕਤਾ, ਵਿਸ਼ਵ ਸ਼ਾਂਤੀ ਲਈ ਮਿਲਵਰਤਨ, ਸਿੱਖ ਪ੍ਰਚਾਰ ਪ੍ਰਸਾਰ ਲਈ ਮੀਡੀਆ ਦੀ ਵਰਤੋਂ, ਵਾਤਾਵਰਣ ਅਤੇ ਜਲਵਾਯੂ ਪ੍ਰਦੂਸ਼ਨ ਸਬੰਧੀ ਮੁੱਦੇ ਵਿਚਾਰੇ ਗਏ। ਜਿਸ ਅਨੁਸਾਰ ਸਿੱਖ ਜਥੇਬੰਦੀਆਂ ਦੀ ਜਗਤ ਮੂਲਕ ਪਛਾਣ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਨਾ, ਜਥੇਬੰਦੀਆਂ ਦੇ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ, ਇਨ੍ਹਾਂ ਇਕੱਤਰਤਾਵਾਂ ਦੀ ਲਗਾਤਾਰ ਆਦਿਕ ਸਬੰਧੀ ਫੈਸਲਾ ਹੋਇਆ।

ਇਨ੍ਹਾਂ ਜਥੇਬੰਦੀਆਂ ਵੱਲੋਂ ਜੁੱਗੋ-ਜੁੱਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਸਬੰਧੀ ਜਾਂਚ ਕਰ ਰਹੀਆਂ ਏਜੰਸੀਆਂ, ਰਾਜਸੀ ਪਾਰਟੀਆਂ, ਸਾਰੀਆਂ ਪੰਥਕ ਧਿਰਾਂ ਅਤੇ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਾਂਚ ਸਬੰਧੀ ਕਿਸੇ ਕਿਸਮ ਦੀ ਰਾਜਨੀਤੀ ਅਤੇ ਪੱਖਪਾਤ ਦੀ ਵਰਤੋਂ ਨਾ ਕੀਤੀ ਜਾਵੇ।


ਇਕੱਤਰਤਾ ਵਿਚ ਚੀਫ਼ ਖਾਲਸਾ ਦੀਵਾਨ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਿੱਖ ਕੌਂਸਲ ਫਾਰ ਰਿਲੀਜ਼ਨ ਐਂਡ ਐਜੂਕੇਸ਼ਨ ਅਮਰੀਕਾ, ਈਕੋ ਸਿੱਖ ਅਮਰੀਕਾ,ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਸਮੇਤ ਕਰੀਬ 70 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

ਸੰਬੋਧਨ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਸਿਧਾਂਤਕ ਤੇ ਵਿਵਹਾਰਕ ਤੌਰ ‘ਤੇ ਦੁਨੀਆ ਦੇ ਹਰ ਪ੍ਰਾਣੀ ਤਕ ਸੰਚਾਰਨ ਲਈ ਤੱਤਪਰ ਸਿੱਖ ਜਥੇਬੰਦੀਆਂ ਦੇ ਉਸਾਰੂ ਕਾਰਜਾਂ ਲਈ ਯੋਗ ਸ਼ਲਾਘਾ ਮਿਲੇਗੀ ਅਤੇ ਉਨ੍ਹਾਂ ਦੇ ਕਾਰਜਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਆਪਕ ਪੰਥਕ ਹਿੱਤਾਂ ਦੀ ਪੂਰਤੀ ਦੇ ਇਕ ਮਹੱਤਵਪੂਰਨ ਅੰਗ ਵਜੋਂ ਦੇਖਿਆ ਜਾਵੇਗਾ।


ਦੱਸਣਯੋਗ ਹੈ ਕਿ ਬੇਅਦਬੀ ਮਾਮਲੇ ਨੂੰ ਸਿਆਸੀ ਰੰਗ ਦੇ ਕੇ ਰਾਜਸੀ ਲੀਡਰ ਇਸ ਦਾ ਲਾਹਾ ਲੈਣ ਤੋਂ ਬਾਜ਼ ਨਹੀਂ ਆਉਂਦੇ । ਜਿਸ ਨਾਲ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

MUST READ