ਸਿੱਧੂ ਦੇ ਟਵੀਟ ਦਾ ਕੈਪਟਨ ‘ਤੇ ਨਹੀਂ ਕੋਈ ਅਸਰ, ਹੁਣ ਕਾਂਗਰਸ ਹਾਈ ਕਮਾਨ ਮੂਹਰੇ ਰੱਖਿਆ ਜਾ ਸਕਦਾ ਮਾਮਲਾ
ਪੰਜਾਬੀ ਡੈਸਕ:– ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦਾ ਕੇਸ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਾਹਮਣੇ ਚੁੱਕ ਸਕਦੇ ਹਨ। ਪਤਾ ਲੱਗਿਆ ਹੈ ਕਿ, ਸਿੱਧੂ ਵੱਲੋਂ ਹਰ ਦਿਨ ਮੁੱਖ ਮੰਤਰੀ ਖਿਲਾਫ ਕੀਤੇ ਗਏ ਟਵੀਟ ਦੇ ਬਾਵਜੂਦ, ਕੈਪਟਨ ਅਮਰਿੰਦਰ ਚੁੱਪੀ ਧਾਰ ਕੇ ਬੈਠੇ ਹੋਏ ਹਨ। ਇਸ ਸਮੇਂ ਉਹ ਆਪਣਾ ਧਿਆਨ ਕੋਵਿਡ ਮਹਾਂਮਾਰੀ ਨੂੰ ਨਿਯੰਤਰਿਤ ਕਰਨ ‘ਤੇ ਕੇਂਦਰਤ ਕਰ ਰਹੇ ਹਨ।

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ ਵੀ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਕੋਵਿਡ ਮਹਾਂਮਾਰੀ ਨੂੰ ਕੰਟਰੋਲ ਕਰਨ ਅਤੇ ਟੀਕਾਕਰਨ ਵਧਾਉਣ ‘ਤੇ ਧਿਆਨ ਕੇਂਦਰਤ ਕਰਨ ਦੀ ਅਪੀਲ ਕੀਤੀ। ਉੱਥੇ ਹੀ ਦਸ ਦਈਏ ਕੈਪਟਨ ਅਮਰਿੰਦਰ ਨੇ ਹੁਣ ਤੱਕ ਸਿੱਧੂ ਖਿਲਾਫ ਸਿਰਫ ਇਕ ਵਾਰ ਹੀ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਦੂਜੇ ਪਾਸੇ ਸਿੱਧੂ ਲਗਾਤਾਰ ਹਰ ਰੋਜ਼ ਧਾਰਮਿਕ ਗਰੰਥਾਂ ਦੀ ਬੇਅਦਬੀ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਟਵੀਟ ਕਰ ਰਹੇ ਹਨ। ਇਸ ਦੇ ਬਾਵਜੂਦ, ਕੈਪਟਨ ਅਮਰਿੰਦਰ ਉਨ੍ਹਾਂ ਦਾ ਜਵਾਬ ਨਹੀਂ ਦੇ ਰਹੇ। ਪੰਜਾਬ ਕਾਂਗਰਸ ਕਮੇਟੀ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਾਰਟੀ ਦੇ ਅੰਦਰੂਨੀ ਮਾਮਲਿਆਂ ਬਾਰੇ ਜਨਤਕ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਸੀ, ਪਰ ਇਸ ਦੇ ਬਾਵਜੂਦ ਇਹ ਬਿਆਨਬਾਜ਼ੀ ਜਾਰੀ ਹੈ।

ਇਹ ਕਿਹਾ ਜਾ ਰਿਹਾ ਹੈ ਕਿ, ਅਗਲੇ ਇਕ ਹਫਤੇ ਲਈ, ਕੈਪਟਨ ਅਮਰਿੰਦਰ ਕੋਵਿਡ ਨਾਲ ਜੁੜੇ ਮਾਮਲਿਆਂ ਨਾਲ ਮੀਟਿੰਗਾਂ ਵਿੱਚ ਰੁੱਝੇ ਰਹਿਣ ਵਾਲੇ ਹਨ, ਜਿਵੇਂ ਹੀ ਕੋਰੋਨਾ ਮਹਾਂਮਾਰੀ ਦਾ ਦੂਜਾ ਪੜਾਅ ਹੌਲੀ ਹੁੰਦਾ ਹੈ ਤਾਂ ਕੈਪਟਨ ਅਮਰਿੰਦਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੋਵਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹੈ। ਕਾਂਗਰਸੀਆਂ ਦਾ ਇਹ ਵੀ ਮੰਨਣਾ ਹੈ ਕਿ, ਕੈਪਟਨ ਅਤੇ ਸਿੱਧੂ ਦਰਮਿਆਨ ਵਿਵਾਦ ਬੇਹੱਦ ਵੱਧ ਚੁੱਕਿਆ ਹੈ ਪਰ ਹੁਣ ਉਨ੍ਹਾਂ ਵਿਚਕਾਰ ਦੂਰੀਆਂ ਮਿਟਾਉਣਾ ਮੁਸ਼ਕਲ ਹੈ।

ਉੱਥੇ ਹੀ ਦਸਿਆ ਜਾ ਰਿਹਾ ਹੈ ਕਿ, ਕੈਪਟਨ ਅਮਰਿੰਦਰ ਸਿੱਧੂ ਦੇ ਟਵੀਟ ਅਤੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਕੀਤੀ ਪ੍ਰੈਸ ਕਾਨਫਰੰਸ ‘ਤੇ ਅਤਿਅੰਤ ਨਾਰਾਜ਼ ਹਨ। ਪ੍ਰਗਟ ਸਿੰਘ ਨੇ ਜਿਸ ਕਿਸਮ ਦੇ ਦੋਸ਼ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਰਾਜਨੀਤਿਕ ਸਕੱਤਰ ਕੈਪਟਨ ਸੰਦੀਪ ਸੰਧੂ ‘ਤੇ ਲਗਾਏ ਹਨ ਇਹ ਬਹੁਤ ਗੰਭੀਰ ਮਾਮਲਾ ਹੈ। ਕੈਪਟਨ ਅਮਰਿੰਦਰ ਨੇ ਇਸ ਮਾਮਲੇ ਬਾਰੇ ਆਪਣੇ ਭਰੋਸੇਮੰਦਾਂ ਨਾਲ ਵੀ ਗੱਲਬਾਤ ਕੀਤੀ ਹੈ। ਆਖਰਕਾਰ ਕੈਪਟਨ ਅਮਰਿੰਦਰ ਦੀ ਅਗਲੀ ਰਣਨੀਤੀ ਕੀ ਹੋਵੇਗੀ, ਸਾਰੇ ਕਾਂਗਰਸੀ ਇਸ ਵੱਲ ਧਿਆਨ ਦੇ ਰਹੇ ਹਨ। ਉੱਥੇ ਹੀ ਪੰਜਾਬ ‘ਚ ਕਾਂਗਰਸ ਦੀ ਸੱਤਾ ਡਿਗਦੀ ਦਿਖਾਈ ਦੇ ਰਹੀ ਹੈ।