ਪੰਜਾਬ ‘ਚ ‘Powercut’ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਵਰ੍ਹੇ ਸਿੱਧੂ, ਸੁਆਲਾਂ ਦੀ ਲਾਈ ਲੜੀ

ਪੰਜਾਬੀ ਡੈਸਕ:– ਉੱਤਰ ਭਾਰਤ ਵਿੱਚ ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਸ ਦੇ ਬਹਾਨੇ ਇਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਦੀ ਲੜੀ ਲਾਉਂਦਿਆਂ ਪੰਜਾਬ ਵਿੱਚ ਬਿਜਲੀ ਸੰਕਟ ‘ਤੇ ਸੁਆਲ ਚੁੱਕੇ ਅਤੇ ਖੁਦ ਰਾਜ ਸਰਕਾਰ ਨੂੰ ਇੱਕ ਤੋਂ ਬਾਅਦ ਇੱਕ ਸੁਆਲ ਕੀਤੇ।

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ, ਪੰਜਾਬ ਵਿੱਚ ਏਸੀ ਚਲਾਉਣ ਲਈ ਬਿਜਲੀ ਕੱਟ ਜਾਂ ਸਮੇਂ ਨੂੰ ਤੈਅ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਸਹੀ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਪੰਜਾਬ ਇਸ ਸਮੇਂ ਬਿਜਲੀ ਪ੍ਰਤੀ ਯੂਨਿਟ 4.54 ਰੁਪਏ ਦੇ ਹਿਸਾਬ ਨਾਲ ਬਿਜਲੀ ਦੀ ਖਰੀਦ ਕਰ ਰਿਹਾ ਹੈ, ਜੋ ਕਿ ਰਾਸ਼ਟਰੀ ਔਸਤ ਅਤੇ ਚੰਡੀਗੜ੍ਹ ਦੇ ਔਸਤ ਨਾਲੋਂ ਕਿਤੇ ਵੱਧ ਹੈ।

ਪੰਜਾਬ ਨੈਸ਼ਨਲ ਗਰਿੱਡ ਤੋਂ ਖਰੀਦੇ ਬਿਜਲੀ
ਨਵਜੋਤ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ, ਪੰਜਾਬ ਕਿਸੇ ਵੀ ਹੋਰ ਰਾਜ ਨਾਲੋਂ ਵੱਧ ਪੈਸੇ ਦੇ ਕੇ ਬਿਜਲੀ ਖਰੀਦਦਾ ਹੈ। ਸਿੱਧੂ ਨੇ ਕਿਹਾ ਕਿ, ਬਾਦਲ ਸਰਕਾਰ ਨੇ ਤਿੰਨ ਕੰਪਨੀਆਂ ਤੋਂ ਬਿਜਲੀ ਖਰੀਦਣ ਦਾ ਫੈਸਲਾ ਲਿਆ ਸੀ, 2020 ਤੱਕ ਅਸੀਂ ਉਨ੍ਹਾਂ ਤੋਂ ਬਿਜਲੀ ਲੈ ਰਹੇ ਸੀ। ਪਰ ਹੁਣ ਪੰਜਾਬ ਨੂੰ ਨੈਸ਼ਨਲ ਗਰਿੱਡ ਤੋਂ ਬਿਜਲੀ ਲੈਣੀ ਚਾਹੀਦੀ ਹੈ ਕਿਉਂਕਿ ਇੱਥੇ ਸਸਤੀ ਬਿਜਲੀ ਮਿਲੇਗੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ਪੰਜਾਬ ਅਸੈਂਬਲੀ ਵਿੱਚ ਇੱਕ ਕਾਨੂੰਨ ਲਿਆਂਦਾ ਜਾ ਸਕਦਾ ਹੈ, ਜਿਸ ਰਾਹੀਂ ਬਿਜਲੀ ਦੀਆਂ ਕੀਮਤਾਂ ‘ਤੇ ਕੈਪ ਲਗਾਇਆ ਜਾ ਸਕਦਾ ਹੈ। ਇਸ ਕਰ ਕੇ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ। ਪੰਜਾਬ ਵਿਚ ਇਕਾਈ ਦੀ ਕਮਾਈ ਸਭ ਤੋਂ ਘੱਟ ਹੈ, ਕੰਪਨੀਆਂ ਨੂੰ ਪ੍ਰਤੀ ਯੂਨਿਟ ਵਧੇਰੇ ਭੁਗਤਾਨ ਕਰਨਾ ਪੈਂਦਾ ਹੈ।

ਪੰਜਾਬ ਬਣਾਵੇ ਆਪਣਾ ਮਾਡਲ
ਕਾਂਗਰਸੀ ਆਗੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ, ਪੰਜਾਬ ਸਬਸਿਡੀ ਵਿੱਚ 9 ਹਜ਼ਾਰ ਕਰੋੜ ਰੁਪਏ ਦਿੰਦਾ ਹੈ, ਦਿੱਲੀ ਸਿਰਫ 1699 ਕਰੋੜ ਰੁਪਏ ਦਿੰਦਾ ਹੈ। ਜੇ ਪੰਜਾਬ ਦਿੱਲੀ ਦਾ ਨਮੂਨਾ ਅਪਣਾਉਂਦਾ ਹੈ ਤਾਂ ਉਸਨੂੰ ਵੀ ਬੱਚਤ ਹੋਵੇਗੀ ਪਰ ਪੰਜਾਬ ਨੂੰ ਆਪਣਾ ਇੱਕ ਮਾਡਲ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਬੇਲੋੜੇ ਅਤੇ ਬਹੁਤ ਜ਼ਿਆਦਾ ਲਾਭ ਦੇਣ ਲਈ ਖਰਚ ਕੀਤੇ ਪੈਸੇ ਦੀ ਵਰਤੋਂ ਲੋਕਾਂ ਦੇ ਫਾਇਦੇ ਲਈ ਕੀਤੀ ਜਾਣੀ ਚਾਹੀਦੀ ਹੈ। ਘਰੇਲੂ ਵਰਤੋਂ (300 ਯੂਨਿਟ ਤੱਕ) ਲਈ ਮੁਫਤ ਬਿਜਲੀ ਦੀ ਸਬਸਿਡੀ, 24 ਘੰਟੇ ਦੀ ਸਪਲਾਈ ਅਤੇ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਨਿਵੇਸ਼ ਕਰਨਾ ਪੰਜਾਬ ਲਈ ਸਭ ਤੋਂ ਵਧੀਆ ਬਿਜਲੀ ਮਾਡਲ ਹੈ।

ਤੁਹਾਨੂੰ ਦੱਸ ਦੇਈਏ ਕਿ, ਪੰਜਾਬ ਵਿੱਚ ਪੈਦਾ ਹੋ ਰਹੇ ਬਿਜਲੀ ਦੇ ਸੰਕਟ ਦੇ ਵਿਚਕਾਰ ਸਰਕਾਰ ਵੱਲੋਂ ਦਫ਼ਤਰਾਂ ਵਿੱਚ ਏਸੀ ਘਟਾਉਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਘਰਾਂ ਲਈ ਬਿਜਲੀ ਦੀ ਬਚਤ ਕੀਤੀ ਜਾ ਸਕੇ। ਨਵਜੋਤ ਸਿੰਘ ਸਿੱਧੂ ਨੇ ਇਸ ਸਬੰਧੀ ਰਾਜ ਸਰਕਾਰ ਦਾ ਘਿਰਾਓ ਕੀਤਾ ਹੈ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ, ਜੋ ਹੁਣ ਸਾਹਮਣੇ ਆ ਰਿਹਾ ਹੈ।

MUST READ