ਭਾਰਤੀ ਹਾਕੀ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1 ਕਰੋੜ ਰੁਪਏ ਦਾ ਚੈਕ ਭੇਂਟ

ਟੋਕੀਓ ਓਲੰਪਿਕ ਵਿੱਚੋਂ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪੁੱਜੀ ਭਾਰਤੀ ਹਾਕੀ ਟੀਮ ਦੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਦੇ ਸਾਹਮਣੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਇਹ ਸਨਮਾਨ ਦਿੱਤਾ ਗਿਆ।


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੀਮ ਦੇ ਹਰ ਖਿਡਾਰੀ ਨੂੰ ਪੰਜ-ਪੰਜ ਲੱਖ ਰੁਪਏ ਦਾ ਚੈੱਕ, ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਨਮਾਨ ਚਿੰਨ੍ਹ ਦੇਣ ਦੇ ਨਾਲ-ਨਾਲ ਭਾਰਤੀ ਹਾਕੀ ਦੇ ਜਨਰਲ ਸਕੱਤਰ ਸ. ਰਜਿੰਦਰ ਸਿੰਘ ਅਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਮਿਆਂ ਦੌਰਾਨ ਓਲੰਪਿਕ ਵਿੱਚੋਂ ਮੱਲ੍ਹਾਂ ਮਾਰਨ ਵਾਲੇ ਕਈ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ।


ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ 41 ਸਾਲ ਬਾਅਦ ਜੋ ਇਤਿਹਾਸ ਸਿਰਜਿਆ ਹੈ, ਉਸ ਨਾਲ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿਚ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਖੁਸ਼ੀ ਹੋਰ ਵੀ ਜ਼ਿਆਦਾ ਹੈ ਕਿਉਂਕਿ ਭਾਰਤੀ ਹਾਕੀ ਟੀਮ ਵਿਚ ਬਹੁ-ਗਿਣਤੀ ਖਿਡਾਰੀ ਪੰਜਾਬ ਵਿੱਚੋਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਨੂੰ ਖੇਡ ਭਾਵਨਾ ਦੇ ਰੂਬਰੂ ਗੁਰੂ ਸਾਹਿਬਾਨ ਨੇ ਕਰਵਾਇਆ ਹੈ, ਜਿਸ ਤੋਂ ਅਗਵਾਈ ਲੈਂਦਿਆਂ ਸਾਡੇ ਨੌਜੁਆਨਾਂ ਨੇ ਹਮੇਸ਼ਾ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।


ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਹਾਕੀ ਟੀਮ ਦੇ ਕਪਤਾਨ ਸ. ਮਨਪ੍ਰੀਤ ਸਿੰਘ ਨੇ ਸਨਮਾਨ ਦੇਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਤੋਂ ਮਿਲਿਆ ਸਨਮਾਨ ਸਾਡੇ ਲਈ ਸਭ ਤੋਂ ਵੱਡਾ ਸਨਮਾਨ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਸਾਨੂੰ ਹੋਰ ਅੱਗੇ ਵੱਧਣ ਦਾ ਹੌਸਲਾ ਅਤੇ ਉਤਸ਼ਾਹ ਮਿਲਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਅਸੀਂ ਕਾਂਸੀ ਤਮਗਾ ਜਿੱਤੇ ਸੀ, ਤਾਂ ਸਾਰੀ ਟੀਮ ਨੇ ਹੀ ਇਹ ਫੈਸਲਾ ਕੀਤਾ ਸੀ ਕਿ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ। ਅੱਜ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਆਪਣੇ ਆਪ ਨੂੰ ਵਡਭਾਗਾ ਸਮਝ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਿਲਿਆ ਸਨਮਾਨ ਸਾਰੀ ਕੌਮ ਵੱਲੋਂ ਦਿੱਤਾ ਗਿਆ ਸਨਮਾਨ ਹੈ। ਦੱਸਣਯੋਗ ਹੈ ਕਿ ਲੜਕਿਆਂ ਦੀ ਭਾਰਤੀ ਹਾਕੀ ਟੀਮ ਦੇ 11 ਖਿਡਾਰੀਆਂ ਦੇ ਨਾਲ ਲੜਕੀਆਂ ਦੀ ਹਾਕੀ ਟੀਮ ਮੈਂਬਰ ਗੁਰਜੀਤ ਕੌਰ ਵੀ ਪਹੁੰਚੀ ਹੋਈ ਸੀ। ਲੜਕਿਆਂ ਦੀ ਹਾਕੀ ਟੀਮ ਵਿੱਚੋਂ ਸ. ਮਨਪ੍ਰੀਤ ਸਿੰਘ, ਸ. ਦਿਲਪ੍ਰੀਤ ਸਿੰਘ, ਸ. ਹਰਮਨਪ੍ਰੀਤ ਸਿੰਘ, ਸ. ਰੁਪਿੰਦਰਪਾਲ ਸਿੰਘ, ਸ. ਹਾਰਦਿਕ ਸਿੰਘ, ਸ. ਗੁਰਜੰਟ ਸਿੰਘ, ਸ੍ਰੀ ਵਰੁਣ ਕੁਮਾਰ, ਸ. ਮਨਦੀਪ ਸਿੰਘ, ਸ. ਸ਼ਮਸ਼ੇਰ ਸਿੰਘ, ਸ. ਸਿਮਰਨਜੀਤ ਸਿੰਘ, ਸ੍ਰੀ ਕ੍ਰਿਸ਼ਨ ਪਾਠਕ ਅਤੇ ਜਨਰਲ ਸੈਕਟਰੀ ਸ. ਰਜਿੰਦਰ ਸਿੰਘ ਹਾਜ਼ਰ ਸਨ।

ਇਸ ਤੋਂ ਇਲਾਵਾ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਪੁੱਜੇ ਹੋਏ ਸਨ। ਸਨਮਾਨ ਸਮਾਗਮ ਤੋਂ ਪਹਿਲਾਂ ਹਾਕੀ ਖਿਡਾਰੀਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਦੇ ਖਿਡਾਰੀ ਵੀ ਮੌਜੂਦ ਸਨ।

MUST READ