ਸ਼ਾਹਕੋਟ ਕਤਲਕਾਂਡ : ਅਕਾਲੀ ਦਲ ਵਲੋਂ ਕਾਤਿਲਾਂ ਨੂੰ ਜਲਦ ਫੜੇ ਜਾਣ ਦੀ ਮੰਗ, 11 ਨੂੰ ਧਰਨਾ ਲਾਉਣ ਦੀ ਚਿਤਾਵਨੀ

ਬੀਤੇ ਦਿਨੀ ਸ਼ਾਹਕੋਟ ਮੇਨ ਬਾਜ਼ਾਰ ‘ਚ ਦਿਨ ਦਿਹਾੜੇ ਨੌਜਵਾਨ ਦੇ ਕਤਲ ਦੇ ਮਾਮਲੇ ‘ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਾਤਲ ਸਾਰੀ ਰਾਤ ਸ਼ਾਹਕੋਟ ਦੇ ਬਾਜ਼ਾਰਾਂ ਵਿੱਚ ਘੁੰਮਦੇ ਰਹੇ ਅਤੇ ਪੁਲਿਸ ਨੇ ਕਾਤਲਾਂ ਨੂੰ ਸ਼ਹਿਰ ਵਿੱਚੋਂ ਦੌੜਨ ਦਾ ਖੁੱਲਾ ਸਮਾਂ ਦਿੱਤਾ। ਦੂਸਰੇ ਦਿਨ ਧਰਨਾਕਾਰੀਆਂ ਤੇ ਪੁਲਿਸ ਦੀ ਹੋਈ ਭਿਆਨਕ ਝੜਪ ਤੋਂ ਬਾਅਦ ਸਾਰੇ ਸ਼ਾਹਕੋਟ ਵਾਸੀ ਸਹਿਮ ਵਿਚ ਹਨ। ਪੁਲਿਸ ਪ੍ਰਸ਼ਾਸਨ ਮ੍ਰਿਤਕ ਦੇ ਪਰਿਵਾਰ ਅਤੇ ਧਰਨਾਕਾਰੀਆਂ ਨਾਲ ਨਜਿੱਠਣ ਵਿੱਚ ਅਸਮਰੱਥ ਰਿਹਾ ਅਤੇ ਨਤੀਜਾ ਇਹ ਹੋਇਆ ਕਿ ਪੁਲਿਸ ਥਾਣੇ ਉੱਪਰ ਪਥਰਾਅ ਹੋ ਗਿਆ ਅਤੇ ਸ਼ਾਹਕੋਟ ਦਾ ਮਾਹੌਲ ਡਰਾਵਣਾ ਬਣ ਗਿਆ। ਅਜੇ ਵੀ ਕਾਤਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।


ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲਿਸ ਦੀ ਮਾੜੀ ਅਤੇ ਢਿੱਲੀ ਕਾਰਵਾਈ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੋਇਆ ਹੈ। ਰੋਜ਼ਾਨਾ ਚੋਰੀਆਂ, ਲੁੱਟਾਂ ਖੋਹਾਂ ਅਤੇ ਗੈਂਗ ਵਾਰਾਂ ਹੋ ਰਹੀਆਂ ਹਨ ਪਰ ਪੁਲਿਸ ਅਤੇ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ 24 ਘੰਟੇ ਵਿਚ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ 11 ਅਗਸਤ ਨੂੰ ਵਿਸ਼ਾਲ ਸ਼ਾਂਤਮਈ ਧਰਨਾ ਲਾਇਆ ਜਾਵੇਗਾ। ਕੋਹਾੜ ਨੇ ਕਿਹਾ ਕਿ ਸ਼ਹਿਰ ਦੇ ਖਰਾਬ ਮਾਹੌਲ ਨੂੰ ਬਿਲਕੁਲ ਬਰਦਾਸ਼ ਨਹੀਂ ਕੀਤਾ ਜਾਵੇਗਾ।

MUST READ