ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੀ ਗੁਪਤ ਮੀਟਿੰਗ, ਤੀਜਾ ਮੋਰਚਾ ਖੜਾ ਹੋਣ ਦੀ ਸੰਭਾਵਨਾ

2022 ਚੋਣਾਂ ਦੇ ਮਧੇਨਜ਼ਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵਿਚਕਾਰ ਪਿੰਡ ਬਾਦਲ ’ਚ ਇਕ ਬੰਦ ਕਮਰਾ ਮੀਟਿੰਗ ਹੋਈ। ਦੋਵੇਂ ਆਗੂਆਂ ਵਿਚਕਾਰ ਕਾਫ਼ੀ ਲੰਬੇ ਅਰਸੇ ਬਾਅਦ ਇਹ ਮੀਟਿੰਗ ਹੋਈ ਹੈ ਜਿਸ ਨੂੰ ਰਾਜਸੀ ਹਲਕਿਆਂ ਵਿਚ ਕਾਫ਼ੀ ਅਹਿਮੀਅਤ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਦਲ ਅਤੇ ਚੌਟਾਲਾ ਪਰਿਵਾਰ ਦੇ ਬਹੁਤ ਗੂਡ਼੍ਹੇ ਰਿਸ਼ਤੇ ਹਨ। ਭਾਵੇਂ ਕਿ ਅਕਾਲੀ ਆਗੂਆਂ ਨੇ ਇਸ ਮੀਟਿੰਗ ਨੂੰ ਸ਼ਿਸ਼ਟਾਚਾਰ ਦੱਸਿਆ ਹੈ ਪਰ ਸੂਤਰ ਦੱਸਦੇ ਹਨ ਕਿ ਚੌਟਾਲਾ ਨੇ ਦੇਸ਼ ਵਿਚ ਖੇਤਰੀ ਪਾਰਟੀਆਂ ਨੂੰ ਇਕਜੁਟ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਬਾਦਲ ਨੂੰ ਸਰਗਰਮ ਰਾਜਨੀਤੀ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।


ਦੱਸ ਦਈਏ ਕਿ ਤਿਹਾਡ਼ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਇਨੈਲੋ ਨੇਤਾ ਚੌਟਾਲਾ ਅੱਜ ਪਹਿਲੀ ਵਾਰੀ ਬਾਦਲ ਨੂੰ ਉਨ੍ਹਾਂ ਦੇ ਪਿੰਡ ਮਿਲਣ ਆਏ ਸਨ। ਬਾਦਲ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਆਪ ਨੂੰ ਸਰਗਰਮ ਰਾਜਨੀਤੀ ਤੋਂ ਦੂਰ ਕੀਤਾ ਹੋਇਆ ਹੈ ਅਤੇ ਉਹ ਪਾਰਟੀ ਦੀ ਕਿਸੇ ਵੀ ਵੱਡੀ ਮੀਟਿੰਗ ਜਾਂ ਸਮਾਗਮ ’ਚ ਹਿੱਸਾ ਨਹੀਂ ਲੈ ਰਹੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਨਾਤਾ ਤੋਡ਼ਨ ਤੋਂ ਬਾਅਦ ਦੇਸ਼ ਵਿਚ ਖੇਤਰੀ ਪਾਰਟੀਆਂ ਦਾ ਇਕ ਸਾਂਝਾ ਫਰੰਟ ਬਣਾਉਣ ਲਈ ਅਕਾਲੀ ਦਲ ਨੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹੋਈਆਂ ਹਨ।


ਇਹ ਵੀ ਦੱਸ ਦਈਏ ਕਿ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਹੋਰ ਆਗੂ ਵੱਖ-ਵੱਖ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਇਕ ਸਾਂਝਾ ਮੁਹਾਜ਼ ਬਣਾਉਣ ਦੀਆਂ ਕੋਸ਼ਿਸ਼ਾਂ ਵਜੋਂ ਮਿਲ ਵੀ ਚੁੱਕੇ ਹਨ। ਇਸੇ ਤਰ੍ਹਾਂ ਇਨੈਲੋ ਨੇਤਾ ਚੌਟਾਲਾ ਨੇ ਵੀ ਖੇਤਰੀ ਦਲਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ। ਉਹ ਮੁਲਾਇਮ ਸਿੰਘ ਯਾਦਵ, ਨਿਤਿਸ਼ ਕੁਮਾਰ ਸਮੇਤ ਕਈ ਨੇਤਾਵਾਂ ਨੂੰ ਮਿਲ ਚੁੱਕੇ ਹਨ। ਇਹਨਾਂ ਮੁਲਾਕਾਤਾਂ ਤੋਂ ਇਹ ਸਮਝ ਜਾਣਾ ਚਾਹੀਦਾ ਹੈ ਕਿ ਇੱਕ ਹੋਰ ਧੜੇ ਦਾ ਗਠਨ ਹੋ ਸਕਦਾ ਹੈ।

MUST READ