ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਬਾਦਲ ਦੇ ਬਿਆਨ ‘ਤੇ RP ਸਿੰਘ ਨੇ ਸਾਧਿਆ ਨਿਸ਼ਾਨਾ
ਪੰਜਾਬੀ ਡੈਸਕ:- ਸੀਨੀਅਰ ਭਾਜਪਾ ਨੇਤਾ ਅਤੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਅਕਾਲੀ ਦਲ ਦੇ ਪ੍ਰਧਾਨ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਲਿਤਾਂ ਨੂੰ ਨੱਥ ਪਾਉਣ ਲਈ ਰਾਜਨੀਤੀ ਕਰ ਰਹੇ ਹਨ।

ਵਿਧਾਨ ਸਭਾ ਚੋਣਾਂ ਜਿੱਤਣ ਦੀ ਸੂਰਤ ਵਿੱਚ ਸੁਖਬੀਰ ਬਾਦਲ ਨੇ ਪੰਜਾਬ ਨੂੰ ਦਲਿਤ ਪਰਿਵਾਰ ਵਿੱਚੋਂ ਉਪ ਮੁੱਖ ਮੰਤਰੀ ਬਣਾਉਣ ਦੇ ਜਵਾਬ ਵਿੱਚ ਉਨ੍ਹਾਂ ਲਿਖਿਆ ਕਿ, ਭਾਜਪਾ ਨਾਲ ਗੱਠਜੋੜ ਕਰਦਿਆਂ ਸੁਖਬੀਰ ਬਾਦਲ ਨੇ ਦਲਿਤ ਪਰਿਵਾਰ ਤੋਂ ਉਪ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ। ਆਰ.ਪੀ. ਸਿੰਘ ਨੇ ਲਿਖਿਆ ਕਿ, ਭਾਜਪਾ ਨੇ 2007 ਵਿੱਚ ਚੌਧਰੀ ਸਵਰਨਾ ਰਾਮ ਅਤੇ 2012 ਵਿੱਚ ਭਗਤ ਚੂਨੀ ਲਾਲ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਦੋਵੇਂ ਵਾਰ ਸੁਖਬੀਰ ਬਾਦਲ ਨੇ ਦਲਿਤ ਪਰਿਵਾਰ ਦੇ ਉਪ-ਮੁੱਖਮੰਤਰੀਆਂ ਨੂੰ ਲੀਡਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਹੁਣ ਸੁਖਬੀਰ ਬਾਦਲ ਵਿਧਾਨ ਸਭਾ ਚੋਣਾਂ ‘ਚ ਵੋਟਾਂ ਹਾਸਲ ਕਰਨ ਲਈ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ, ਸੁਖਬੀਰ ਬਾਦਲ ਹੁਣ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਆਪਣਾ ਆਦਰਸ਼ ਬਣਾ ਰਹੇ ਹਨ ਪਰ 27 ਫਰਵਰੀ 1984 ਨੂੰ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਵਿੱਚ ਬਾਬਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਦੀਆਂ ਕਾਪੀਆਂ ਸਾੜ ਦਿੱਤੀਆਂ ਸਨ। ਪੰਜਾਬ ਦੀ ਕੁੱਲ ਆਬਾਦੀ ਵਿਚ ਤਕਰੀਬਨ 32 ਪ੍ਰਤੀਸ਼ਤ ਦਲਿਤ ਹਨ ਅਤੇ ਦੋਆਬੇ ‘ਚ ਤਕਰੀਬਨ 50 ਪ੍ਰਤੀਸ਼ਤ ਆਬਾਦੀ ਦਲਿਤਾਂ ਦੀ ਹੈ।