ਭਾਖੜਾ ਨਹਿਰ ਵਿੱਚੋਂ ਵੱਡੀ ਗਿਣਤੀ ‘ਚ ਮਿਲੇ ਰੇਮਡੇਸਿਵਿਰ ਅਤੇ ਸੈਫੋਪੈਰਾਜੋਨ
ਪੰਜਾਬੀ ਡੈਸਕ:- ਪਿੰਡ ਸਲੇਮਪੁਰ ਨੇੜੇ ਭਾਖੜਾ ਨਹਿਰ ਵਿੱਚੋਂ ਚੱਲ ਰਹੇ ਪਾਣੀ ਵਿੱਚ ਰੇਮਡੇਸਿਵਿਰ ਅਤੇ ਸੈਫੋਪੈਰਾਜੋਨ ਦੀਆਂ ਵੱਡੀ ਗਿਣਤੀ ਵਿੱਚ ਟੀਕੇ ਮਿਲੇ ਹਨ।

ਇਹ ਜਾਣਕਾਰੀ ਮਿਲਣ ‘ਤੇ ਡਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਤਹਿਸੀਲਦਾਰ ਚੇਤਨ ਬਾਂਗੜ, ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਐਸ.ਐਮ.ਓ. ਸੀ.ਪੀ. ਸਿੰਘ, ਸਿਹਤ ਵਿਭਾਗ ਤੋਂ ਹਰਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਸਟੈਨੋ, ਮੋਰਿੰਡਾ ਦੇ ਥਾਣਾ ਮੁਖੀ ਬਲਜਿੰਦਰ ਕੌਰ ਅਤੇ ਡਰੱਗ ਇੰਸਪੈਕਟਰ ਤੇਜਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਡਰੱਗ ਇੰਸਪੈਕਟਰ ਅਤੇ ਐਸ.ਐਮ.ਓ. ਨੇ ਜਦੋਂ ਟੀਕੇ ਜ਼ਬਤ ਕਰਕੇ ਜਾਂਚ ‘ਕੀਤੀ ਤਾਂ ਪਤਾ ਲੱਗਿਆ ਕਿ, ਇਹ ਤੇਲੰਗਾਨਾ ਦੇ ਬਣੇ ਹੋਏ ਹਨ।

ਇਨ੍ਹਾਂ ‘ਤੇ ਗਵਰਮੇਂਟ ਆਫ਼ ਇੰਡੀਆ ਵੀ ਲਿਖਿਆ ਹੈ ਅਤੇ ਕੀਮਤ 5400 ਰੁਪਏ ਪ੍ਰਿੰਟ ਦੀ ਹੈ। ਡਰੱਗ ਇੰਸਪੈਕਟਰ ਨੇ ਮੁਢਲੀ ਜਾਂਚ ਤੋਂ ਬਾਅਦ ਦੱਸਿਆ ਕਿ, ਫਿਲਹਾਲ ਇਹ ਟੀਕੇ ਨਕਲੀ ਜਾਪਦੇ ਹਨ। ਇਹ ਟੀਕੇ ਫੜੇ ਗਏ ਹਨ। ਟੀਕਿਆਂ ਦੇ ਬੈਚ ਨੰਬਰ ਦਾ ਪਤਾ ਲਗਾਇਆ ਜਾਵੇਗਾ ਕਿ, ਇਹ ਟੀਕੇ ਕਿੱਥੇ ਅਤੇ ਕਿਸ ਨੇ ਖਰੀਦੇ ਹਨ। ਪ੍ਰਯੋਗਸ਼ਾਲਾ ਦੀ ਜਾਂਚ ਤੋਂ ਪਤਾ ਚੱਲੇਗਾ ਕਿ, ਇਹ ਟੀਕੇ ਨਕਲੀ ਹਨ ਜਾਂ ਅਸਲੀ।