ਬੈਠਕ ਤੋਂ ਪਹਿਲਾ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਸਪਸ਼ਟ ਕੀਤਾ ਨਤੀਜਾ !
ਪੰਜਾਬੀ ਡੈਸਕ :- ਨਵੇਂ ਲਿਆਂਦੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਦਸਵੇਂ ਗੇੜ ਦੀ ਗੱਲ-ਬਾਤ ਤੋਂ ਪਹਿਲਾਂ ਅੱਜ ਕਿਸਾਨ ਜੱਥੇਬੰਦੀਆਂ ਨੇ ਪਹਿਲਾ ਹੀ ਸਪਸ਼ਟ ਕਰ ਦਿੱਤਾ ਹੈ ਕਿ, ਪਿਛਲੀਆਂ ਬੈਠਕਾਂ ਵਾਂਗ ਅੱਜ ਵੀ ਨਤੀਜਾ ਬੇਸਿੱਟਾ ਹੀ ਰਹਿਣ ਵਾਲਾ ਹੈ। ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਸਪਸ਼ਟ ਤੌਰ ‘ਤੇ ਕਿਹਾ ਹੈ ਕਿ, ਅੱਜ ਦੀ ਮੀਟਿੰਗ ‘ਚ ਵੀ ਸਰਕਾਰ ਅੱਗੇ ਦੀ ਤਾਰੀਖ ਦੇਣ ਵਾਲੀ ਹੈ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ, ਕਿਧਰੇ ਸਰਕਾਰ ਸਾਨੂੰ ਸੋਧਾਂ ਵੱਲ ਖਿੱਚਣਾ ਚਾਹੁੰਦੀ ਹੈ, ਜਿਸ ਲਈ ਅਸੀਂ ਤਿਆਰ ਨਹੀਂ ਹਾਂ। ਅੰਦੋਲਨ ਨਿਰੰਤਰ ਜਾਰੀ ਰਹੇਗਾ, ਜਦੋ ਤੱਕ ਸਾਨੂੰ ਇਹ ਇਨਸਾਫ ਨਹੀਂ ਮਿਲਦਾ। ਜੇ ਕਿਸਾਨ ਦਿੱਲੀ ਦੇ ਚਾਰੇ ਪਾਸੇ ਬੈਠੇ ਹਨ, ਤਾਂ ਸਰਕਾਰ ‘ਤੇ ਦਬਾਅ ਹੈ। ਕਿਸਾਨ ਆਗੂਆਂ ਨੇ ਸਾਫ ਤੌਰ ‘ਤੇ ਕਿਹਾ ਹੈ ਕਿ, ਤਿੰਨ ਕਾਨੂੰਨਾਂ ‘ਤੇ ਸਹਿਮਤੀ ਨਹੀਂ ਹੋ ਸਕਦੀ।

ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਦਸਵੇਂ ਗੇੜ ਦੀ ਮੁਲਾਕਾਤ
ਤੁਹਾਨੂੰ ਦਸ ਦਈਏ ਕਿ, ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਦਸਵੇਂ ਗੇੜ ਦੀ ਗੱਲ-ਬਾਤ ਥੋੜੇ ਸਮੇਂ ‘ਚ ਸ਼ੁਰੂ ਹੋਣ ਵਾਲੀ ਹੈ। ਕੇਂਦਰ ਨੇ ਕਿਹਾ ਹੈ ਕਿ, ਦੋਵੇਂ ਧੀਰਾਂ ਛੇਤੀ ਤੋਂ ਛੇਤੀ ਇਸ ਮੁੱਦੇ ਨੂੰ ਸੁਲਝਾਉਣਾ ਚਾਹੁੰਦੇ ਹਨ ਪਰ ਵੱਖ-ਵੱਖ ਵਿਚਰਧਰਾਵਾਂ ਕਾਰਨ ਇਹ ਅੰਦੋਲਨ ਹੋਰ ਲੰਬਾ ਖਿੱਚਦਾ ਜਾ ਰਿਹਾ ਹੈ। ਸਰਕਾਰ ਨੇ ਦਾਅਵਾ ਕੀਤਾ ਕਿ, ਨਵੇਂ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ ਅਤੇ ਕਿਹਾ ਕਿ ਜਦੋਂ ਵੀ ਕੋਈ ਚੰਗਾ ਕਦਮ ਚੁੱਕਿਆ ਜਾਂਦਾ ਹੈ ਤਾਂ ਅੜਿੱਕੇ ਆਉਂਦੇ ਹਨ। ਸਰਕਾਰ ਨੇ ਕਿਹਾ ਕਿ, ਮਾਮਲੇ ਨੂੰ ਸੁਲਝਾਉਣ ‘ਚ ਦੇਰੀ ਹੋ ਰਹੀ ਹੈ ਕਿਉਂਕਿ ਕਿਸਾਨ ਆਗੂ ਖ਼ੁਦ ਹੀ ਕੋਈ ਹੱਲ ਨਹੀਂ ਚਾਹੁੰਦੇ ਹਨ। ਖੇਤੀਬਾੜੀ ਮੰਤਰਾਲੇ ਦੇ ਇਕ ਬਿਆਨ ਵਿੱਚ ਸੋਮਵਾਰ ਨੂੰ ਕਿਹਾ ਗਿਆ ਹੈ ਕਿ, ਕਿਸਾਨ ਸੰਗਠਨਾਂ ਨਾਲ ਸਰਕਾਰੀ ਮੰਤਰੀਆਂ ਦੀ ਗੱਲਬਾਤ 19 ਜਨਵਰੀ ਦੀ ਬਜਾਏ 20 ਜਨਵਰੀ ਦੀ ਦੁਪਹਿਰ 2 ਵਜੇ ਚਵੀਗਿਆਨ ਭਵਨ ਵਿਖੇ ਹੋਵੇਗੀ।

ਦਿੱਲੀ ਪੁਲਿਸ ਨਾਲ ਕਿਸਾਨ ਆਗੂਆਂ ਦੀ ਮੀਟਿੰਗ
ਕਿਸਾਨ ਜੱਥੇਬੰਦੀਆਂ ਦੇ ਆਗੂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ 26 ਜਨਵਰੀ ਨੂੰ ਪ੍ਰਸਤਾਵਿਤ ਉਨ੍ਹਾਂ ਦੇ ਟਰੈਕਟਰ ਰੈਲੀ ਦੇ ਰਸਤੇ ਅਤੇ ਪ੍ਰਬੰਧਾਂ ਬਾਰੇ ਬੁੱਧਵਾਰ ਨੂੰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜਾਣਕਰੀ ਦਿੰਦਿਆਂ ਕਿਸਾਨ ਆਗੂ ਨੇ ਦੱਸਿਆ ਕਿ, ਕਿਸਾਨ ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਪਿਛਲੇ 56 ਦਿਨਾਂ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਰੁਕਾਵਟ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, 40 ਕਿਸਾਨ ਸੰਗਠਨਾਂ ਦੇ ਆਗੂ ਬੁੱਧਵਾਰ ਦੁਪਹਿਰ ਤਿੰਨ ਕੇਂਦਰੀ ਮੰਤਰੀਆਂ ਨਾਲ ਦਸਵੇਂ ਗੇੜ ਦੀ ਗੱਲਬਾਤ ਕਰਨਗੇ। ਜਮੂਰੀ ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ, “ਬਲਬੀਰ ਸਿੰਘ ਰਾਜੇਵਾਲ ਸਣੇ ਕਿਸਾਨ ਨੇਤਾਵਾਂ ਦਾ ਸਮੂਹ, ਤਿੰਨੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਗਣਤੰਤਰ ਦਿਵਸ ‘ਤੇ ਟ੍ਰੈਕਟਰ ਰੈਲੀ ਅਤੇ ਹੋਰ ਪ੍ਰਬੰਧਾਂ ਲਈ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।”