ਰਾਹੁਲ ਗਾਂਧੀ ਨੇ ਦਿਗਵਿਜੇ ਸਿੰਘ ਦੇ ਬਿਆਨ ਤੋਂ ਵੱਟਿਆ ਪਾਸਾ

ਦਿਗਵਿਜੇ ਨੇ ਸਰਜੀਕਲ ਸਟ੍ਰਾਈਕ ਸਬੰਧੀ ਭਾਜਪਾ ’ਤੇ ਲਗਾਏ ਸਨ ਝੂਠੀ ਰਾਜਨੀਤੀ ਕਰਨ ਦੇ ਆਰੋਪ

ਸ੍ਰੀਨਗਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਗਵਿਜੇ ਸਿੰਘ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਸਰਜੀਕਲ ਸਟ੍ਰਾਈਕ ਸਬੰਧੀ ਵਿਵਾਦਿਤ ਬਿਆਨ ਦੇ ਦਿੱਤਾ ਸੀ। ਦਿਗਵਿਜੇ ਨੇ ਜੰਮੂ ’ਚ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗੇ ਅਤੇ ਭਾਜਪਾ ’ਤੇ ਝੂਠੀ ਰਾਜਨੀਤੀ ਕਰਨ ਦਾ ਆਰੋਪ ਲਗਾਇਆ ਸੀ।

ਦਿਗਵਿਜੇ ਸਿੰਘ ਨੇ ਕਿਹਾ ਸੀ ਕਿ ਸਰਜੀਕਲ ਸਟ੍ਰਾਈਕ ਦਾ ਕੋਈ ਸਬੂਤ ਨਹੀਂ ਹੈ। ਹਾਲਾਂਕਿ ਹੁਣ ਉਨ੍ਹਾਂ ਨੇ ਆਪਣੇ ਬਿਆਨ ਤੋਂ ਦੂਰੀ ਬਣਾ ਲਈ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਭਾਰਤੀ ਸੈਨਿਕਾਂ ਦਾ ਸਨਮਾਨ ਕਰਦੇ ਹਨ। ਇਸੇ ਦੌਰਾਨ ਦਿਗਵਿਜੇ ਸਿੰਘ ਦੇ ਸਰਜੀਕਲ ਸਟ੍ਰਾਈਕ ਬਾਰੇ ਦਿੱਤੇ ਬਿਆਨ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਦਿਗਵਿਜੇ ਸਿੰਘ ਦੀ ਗੱਲ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ, ਸਾਨੂੰ ਆਪਣੀ ਫ਼ੌਜ ’ਤੇ ਪੂਰਾ ਭਰੋਸਾ ਹੈ। ਜੇਕਰ ਫੌਜ ਕੁੱਝ ਕਰਦੀ ਹੈ ਤਾਂ ਉਨ੍ਹਾਂ ਨੂੰ ਸਬੂਤ ਦੇਣ ਦੀ ਲੋੜ ਨਹੀਂ ਹੈ। ਰਾਹੁਲ ਨੇ ਕਿਹਾ ਕਿ ਦਿਗਵਿਜੇ ਸਿੰਘ ਦਾ ਬਿਆਨ ਨਿੱਜੀ ਹੈ, ਸਾਡਾ ਨਹੀਂ।

ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਕਾਂਗਰਸ ਪਾਰਟੀ ਫੌਜ ਦੇ ਨਾਲ ਹੈ। ਅਸੀਂ ਹਮੇਸ਼ਾ ਦੇਸ਼ ਲਈ ਕੰਮ ਕਰਦੇ ਆਏ ਹਾਂ ਅਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਆਪਣੀ ਫੌਜ ਦਾ ਬਹੁਤ ਸਨਮਾਨ ਹੈ।

MUST READ