ਬੱਚੇ ਆਈ ਜਾ ਰਹੇ ਕੋਰੋਨਾ ਪਾਜ਼ਿਟਿਵ ਪਰ ਪੰਜਾਬ ਸਰਕਾਰ ਸਕੂਲ ਨਾ ਬੰਦ ਕਰਨ ਤੇ ਅੜੀ, ਜਾਣੋ ਆਖ਼ਿਰ ਕਿਉਂ

ਪੰਜਾਬ ਦੇ ਸਕੂਲਾਂ ਬਾਰੇ ਵੱਡਾ ਫੈਸਲਾ ਕਰਦਿਆਂ ਸਰਕਾਰ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਸਕੂਲਾਂ ਚ ਵਿਦਿਆਰਥੀਆਂ ਦੇ ਕੋਰੋਨਾ ਵਾਇਰਸ ਇਨਫੈਕਟਿਡ ਹੋਣ ਤੋਂ ਬਾਅਦ ਮਾਪੇ ਚਿੰਤਾ ‘ਚ ਹਨ। ਇਸ ਬਾਰੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਸਕੂਲ ਬੰਦ ਨਹੀਂ ਹੋਣਗੇ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੁਧਿਆਣਾ ‘ਚ ਟੈਸਟਿੰਗ ਦੌਰਾਨ 20 ਬੱਚੇ ਪਾਜ਼ੇਟਿਵ ਆਏ ਸਨ ਪਰ ਬਾਕੀ ਜਗ੍ਹਾ ਕੋਈ ਕੇਸ ਨਹੀਂ ਸਾਹਮਣੇ ਆਇਆ ਹੈ।
ਸਕੂਲ ‘ਚ 18 ਸਾਲ ਤੋਂ ਵੱਧ ਉਮਰ ਦਾ ਕੋਈ ਬੱਚਾ ਹੋਵੇਗਾ ਤਾਂ ਉਸ ਨੂੰ ਵੈਕਸੀਨ ਲਗਾਈ ਜਾਵੇਗੀ।

ਸਿੱਖਿਆ ਵਿਭਾਗ ਲਗਾਤਾਰ ਡੀਸੀ ਦੇ ਨਾਲ ਸੰਪਰਕ ‘ਚ ਹੈ, ਡੀਸੀਜ਼ ਨੇ ਲਗਾਤਾਰ ਸਕੂਲਾਂ ‘ਤੇ ਨਜ਼ਰ ਬਣਾਈ ਹੋਈ ਹੈ। ਜੇਕਰ ਜ਼ਿਆਦਾ ਕੇਸ ਸਾਹਮਣੇ ਆਉਂਦੇ ਹਨ ਤਾਂ ਸਕੂਲ ਬੰਦ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 26 ਜੁਲਾਈ ਨੂੰ 10ਵੀਂ ਤੋਂ ਲੈ ਕੇ 12ਵੀਂ ਤਕ ਦੇ ਸਕੂਲਾਂ ਨੂੰ ਆਫਲਾਈਨ ਕਲਾਸਿਜ਼ ਲਈ ਖੋਲ੍ਹ ਦਿੱਤਾ ਸੀ। ਬਾਅਦ ਵਿਚ 2 ਅਗਸਤ ਤੋਂ ਬਾਕੀ ਸਕੂਲ ਵੀ ਖੋਲ੍ਹ ਦਿੱਤੇ ਗੇ ਸਨ। ਕਰੀਬ 10 ਦਿਨ ਪਹਿਲਾਂ ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ‘ਚ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਸੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ‘ਚ ਇੱਕੋ ਜਮਾਤ ਦੇ 8 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਨਿਕਲੇ ਸਨ। ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਦੇ 12 ਵਿਦਿਆਰਥੀ ਪਾਜ਼ੇਟਿਵ ਮਿਲੇ। ਇਸ ਤੋਂ ਬਾਅਦ ਪੇਰੈਂਟਸ ਦੁਬਾਰਾ ਚਿੰਤਤ ਹੋਣ ਲੱਗੇ ਸਨ ਕਿ ਸਕੂਲ ਖੁੱਲ੍ਹੇ ਰਹਿਣਗੇ ਜਾਂ ਫਿਰ ਬੰਦ ਹੋ ਜਾਣਗੇ। ਸ਼ੁੱਕਰਵਾਰ ਨੂੰ ਸਿੱਖਿਆ ਮੰਤਰੀ ਨੇ ਉਨ੍ਹਾਂ ਦਾ ਖਦਸ਼ਾ ਦੂਰ ਕਰਦੇ ਹੋਏ ਸਪੱਸ਼ਟ ਕਿਹਾ ਕਿ ਫਿਲਹਾਲ ਸਕੂਲ ਬੰਦ ਨਹੀਂ ਹੋਣ ਵਾਲੇ ਹਨ।


ਸੂਬੇ ‘ਚ ਬੁੱਧਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 107 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਇਹ ਗਿਣਤੀ ਘਟੀ। 24 ਘੰਟਿਆਂ ਦੌਰਾਨ 78 ਨਵੇਂ ਮਾਮਲੇ ਸਾਹਮਣੇ ਆਏ ਤੇ ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ। ਬਠਿੰਡਾ ਦੇ ਸਰਕਾਰੀ ਸਕੂਲ ਦਾ ਇਕ ਅਧਿਆਪਕ ਤੇ 5 ਵਿਦਿਆਰਥੀ ਅਤੇ ਬਨੂਡ਼ ਦੇ 3 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਬਠਿੰਡਾ ਵਿਚ ਹੀ ਸਭ ਤੋਂ ਵੱਧ 13 ਨਵੇਂ ਮਾਮਲੇ ਸਾਹਮਣੇ ਆਏ ਹਨ।

ਫਰੀਦਕੋਟ, ਮਨਸਾ, ਮੁਕਤਸਰ, ਰੂਪਨਗਰ ਵਿਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਮਿਲਿਆ ਜਦਕਿ ਬਾਕੀ ਜ਼ਿਲ੍ਹਿਆਂ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਦਹਾਈ ਦੇ ਅੰਕ ਤੋਂ ਘੱਟ ਰਹੀ। 55 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਸਰਗਰਮ ਮਾਮਲਿਆਂ ਦੀ ਗਿਣਤੀ 533 ਹੋ ਗਈ ਹੈ। ਲੁਧਿਆਣਾ ਵਿਚ ਸਭ ਤੋਂ ਵੱਧ 102 ਮਰੀਜ਼ ਜ਼ੇਰੇ ਇਲਾਜ ਹਨ। ਸੂਬੇ ਵਿਚ 88143 ਲੋਕਾਂ ਨੂੰ ਵੈਕਸੀਨ ਲਾਈ ਗਈ ਹੈ। ਉਧਰ ਤਿੰਨ ਦਿਨ ‘ਚ ਵਿਦਿਆਰਥੀਆਂ ਦੇ ਕੋਰੋਨਾ ਇਨਫੈਕਟਿਡ ਮਿਲਣ ਦੇ ਬਾਅਦ ਸੂਬੇ ਦੇ 15 ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ, ਨਵਾਂਸ਼ਹਿਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮੁਕਤਸਰ, ਬਰਨਾਲਾ, ਬਠਿੰਡਾ, ਸੰਗਰੂਰ ਤੇ ਪਟਿਆਲਾ ਵਿਚ ਆਜ਼ਾਦੀ ਦਿਹਾਡ਼ੇ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿਚ ਵਿਦਿਆਰਥੀਆਂ ਦੇ ਸ਼ਾਮਿਲ ਹੋਣ ’ਤੇ ਰੋਕ ਲਾ ਦਿੱਤੀ ਗਈ ਹੈ। ਲੁਧਿਆਣਾ ਵਿਚ ਇਹ ਫੈਸਲਾ ਤਕਰੀਬਨ 15 ਦਿਨ ਪਹਿਲਾਂ ਹੀ ਲੈ ਲਿਆ ਗਿਆ ਸੀ ਕਿ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਬੱਚੇ ਹਿੱਸਾ ਨਹੀਂ ਲੈਣਗੇ। ਰੂਪਨਗਰ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ। ਪਰ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲਾ ਇਹ ਫੈਸਲਾ ਤੁਹਾਨੂੰ ਕੀ ਲਗਦਾ ਸਹੀ ਹੈ।

MUST READ