ਪੰਜਾਬ ਸਰਕਾਰ ਨੇ ਉਦਯੋਗਾਂ ਦੀ ਸਬਸਿਡੀ ਕੀਤੀ ਖ਼ਤਮ

ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਮੁਫ਼ਤ ਬਿਜਲੀ ਦੇਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਉਦਯੋਗ ਜਗਤ ਨੂੰ ਝੱਟਕਾ ਦਿੰਦਿਆ ਹੁਣ ਸਰਕਾਰੀ ਅਦਾਰਿਆਂ ਨੂੰ ਦਿੱਤੀ ਜਾ ਰਹੀ ਉਦਯੋਗਿਕ ਸਬਸਿਡੀ ਖ਼ਤਮ ਕਰਨ ਦਾ ਫ਼ੈਸਲਾ ਕਰ ਦਿੱਤਾ ਹੈ। ਇਸ ਸਬੰਧੀ ਜਾਰੀ ਹੁਕਮਾਂ ‘ਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿਚਲੇ ਕੇਂਦਰ ਸਰਕਾਰ ਦੇ ਅਦਾਰਿਆਂ, ਸੂਬਾ ਸਰਕਾਰ ਦੇ ਆਪਣੇ ਅਦਾਰਿਆਂ, ਜਨਤਕ ਖੇਤਰ ਦੇ ਅਦਾਰਿਆਂ, ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ), ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ (ਟਰਾਂਸਕੋ) ਅਤੇ ਬੀ. ਬੀ. ਐੱਮ. ਬੀ. ਲਈ ਉਦਯੋਗਿਕ ਸਬਸਿਡੀ ਬੰਦ ਕਰ ਦਿੱਤੀ ਹੈ।


ਇਸ ਦੇ ਸੰਬੰਧ ‘ਚ ਇਹ ਦਲੀਲ ਦਿੱਤੀ ਗਈ ਹੈ ਕਿ ਜਿਹੜੇ ਅਦਾਰੇ ਉਦਯੋਗਿਕ ਉਤਪਾਦਨ ਨਹੀਂ ਕਰ ਰਹੇ, ਉਨ੍ਹਾਂ ਦੀ ਉਦਯੋਗਿਕ ਸਬਸਿਡੀ ਖ਼ਤਮ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਾਟਰ ਟ੍ਰੀਟਮੈਂਟ ਪਲਾਂਟਾਂ, ਸੀਵਰੇਜ ਟ੍ਰੀਟਮੈਂਟ ਪਲਾਂਟਾਂ ਤੇ ਮਿਊਂਸੀਪਲ ਕਾਰਪੋਰੇਸ਼ਨਾ, ਕੌਂਸਲਾਂ, ਕਮੇਟੀਆਂ ਅਤੇ ਨਗਰ ਪੰਚਾਇਤਾਂ ਦੇ ਉਨ੍ਹਾਂ ਬਿਜਲੀ ਕੁਨੈਕਸ਼ਨਾਂ ‘ਤੇ ਉਦਯੋਗਿਕ ਸਬਸਿਡੀ ਖ਼ਤਮ ਕਰਨ ਦੇ ਹੁਕਮ ਦਿੱਤੇ ਸਨ, ਜੋ ਉਦਯੋਗਿਕ ਸਬਸਿਡੀ ਕੈਟਾਗਿਰੀ ‘ਚ ਚੱਲ ਰਹੇ ਸਨ।


ਦਿਲਚਸਪੀ ਵਾਲੀ ਗੱਲ ਇਹ ਹੈ ਕਿ ਸਰਕਾਰੀ ਅਦਾਰਿਆਂ ਲਈ ਇਹ ਸਬਸਿਡੀ ਲੰਮੇ ਸਮੇਂ ਤੋਂ ਚੱਲ ਰਹੀ ਸੀ। ਹੁਣ ਜਦੋਂ ਪੰਜਾਬ ਸਰਕਾਰ ਸਿਰ ਬਿਜਲੀ ਸਬਸਿਡੀ ਦਾ ਵੱਡਾ ਬਿੱਲ ਪਾਵਰਕਾਮ ਨੂੰ ਦੇਣ ਵਾਲਾ ਬਕਾਇਆ ਹੈ ਤਾਂ ਸਬਸਿਡੀ ਪ੍ਰਾਪਤ ਕਰਨ ਵਾਲੇ ਹਰ ਵਰਗ ਦੀ ਪੜਤਾਲ ਸ਼ੁਰੂ ਹੋ ਗਈ ਹੈ। ਇਸ ਫ਼ੈਸਲੇ ਨਾਲ ਉਦਯੋਗ ਪਤੀਆਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲੀ ਹੈ। ਤਾਜ਼ਾ ਫ਼ੈਸਲੇ, ਇਸੇ ਦਾ ਹਿੱਸਾ ਦੱਸੇ ਜਾ ਰਹੇ ਹਨ।

ਦੱਸਣਯੋਗ ਹੈ ਕਿ ਲੰਘੇ ਵਿੱਤੀ ਵਰ੍ਹੇ 2020-21 ਦੀ ਸਮਾਪਤੀ ਵੇਲੇ ਪੰਜਾਬ ਸਰਕਾਰ ਸਿਰ 5 ਹਜ਼ਾਰ ਕਰੋੜ ਰੁਪਏ ਬਕਾਇਆ ਸਨ। ਨਵਾਂ ਸਾਲ ਸ਼ੁਰੂ ਹੋਣ ‘ਤੇ ਇਹ ਰਾਸ਼ੀ 17 ਹਜ਼ਾਰ ਕਰੋੜ ਰੁਪਏ ‘ਤੇ ਪੁੱਜ ਗਈ। ਇਸੇ ਘਾਟੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਇਹ ਫੈਸਲੇ ਲਏ ਜਾ ਰਹੇ ਹਨ। ਜੇਕਰ ਆਉਣ ਵਾਲੇ ਦਿਨਾਂ ਚ ਘਰਾਂ ਨੂੰ ਮਿਲਣ ਵਾਲੀ ਸਬਸਿਡੀ ਵੀ ਬੰਦ ਹੋ ਜਾਵੇ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

MUST READ