ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿੱਚ ਨਸ਼ਿਆਂ ਬਾਰੇ ਦਿੱਤਾ ਵੱਡਾ ਬਿਆਨ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਫਿਰੋਜ਼ਪੁਰ ਦੇ ਮੋਗਾ ਰੋਡ ‘ਤੇ ਬਣੇ ਜੈਨਸਿਸ ਕਾਲਜ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਦੇ ਸਰਪੰਚਾਂ ਤੇ ਪੰਚਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਦੱਸ ਦੇਈਏ ਕਿ ਰਾਜਪਾਲ ਪੁਰੋਹਿਤ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਉੱਥੇ ਦੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣ ਸਕਣ।ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਪੁਰੋਹਿਤ ਨੇ ਇਕ ਵਾਰ ਫਿਰ ਪੰਜਾਬ ‘ਚ ਨਸ਼ਿਆਂ ਅਤੇ ਹਥਿਆਰਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ, ਖਾਲਿਸਤਾਨ , ਐੱਸ. ਵਾਈ. ਐੱਲ. ‘ਤੇ ਗੱਲ ਕੀਤੀ ਤੇ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਜਵਾਬ ਦਿੱਤੀ ਰਾਜਪਾਲ ਨੇ ਕਿਹਾ ਕਿ ਪੰਜਾਬ ‘ਚ ਨਸ਼ੇ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਵੀ ਪੰਜਾਬ ਪੁਲਸ , ਬੀ. ਐੱਸ. ਐੱਫ. ਤੇ ਏਜੰਸੀਆ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਰਾਜਪਾਲ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ। ਰਾਜਪਾਲ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਕੰਟਰੋਲ ‘ਚ ਨਹੀਂ ਹਨ ਤੇ ਇਨ੍ਹਾਂ ਤੋਂ ਮਾਫ਼ੀਆ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਰਕਾਰ ਨੂੰ ਜੇਲ੍ਹਾਂ ‘ਚ ਬਹੁਤ ਸਾਰੇ ਸੁਧਾਰ ਕਰਨ ਲਈ ਲੋੜ ਹੈ ਕਿਉਂਕਿ ਪੁਲਸ ਜਦੋਂ ਨਸ਼ਾਂ ਤਸਕਰਾਂ ਜਾਂ ਗੈਂਗਸਟਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜਦੀ ਹੈ ਤਾਂ ਉਹ ਜੇਲ੍ਹਾਂ ਤੋਂ ਮਾਫ਼ੀਆ ਚਲਾਉਂਦੇ ਹਨ। ਇਸ ਦਾ ਹੱਲ ਕਰਨ ਲਈ ਜੇਲ੍ਹਾਂ ‘ਚ ਜੈਮਰ ਲਗਾਉਣ ਦਾ ਕੰਮ ਚੱਲ ਕਿਹਾ ਹੈ। ਇਸ ਤੋਂ ਇਲਾਵਾ ਬੀ. ਐੱਸ. ਐਨ. ਐੱਲ. ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਹੈ ਕਿ ਉਹ ਅਜਿਹੀ ਯੋਜਨਾ ਲੈ ਕੇ ਆਉਣਗੇ ਜਿਸ ਨਾਲ ਜੇਲ੍ਹ ਦੇ ਨਜ਼ਦੀਕੀ ਇਲਾਕਿਆਂ ‘ਚ ਮੋਬਾਇਲ ਲਈ ਵਰਤੋਂ ਨਾ ਕੀਤੀ ਜਾ ਸਕੇ। ਪੱਤਰਕਾਰ ਵੱਲੋਂ ਖਾਲਿਸਤਾਨ ਸਬੰਧੀ ਪੁੱਛੇ ਗਏ ਸਵਾਲ ‘ਤੇ ਗੱਲ ਕਰਦਿਆਂ ਰਾਜਪਾਲ ਨੇ ਕਿਹਾ ਕਿ ਖਾਲਿਸਤਾਨ ਨਾਂ ਦੀ ਕੋਈ ਲਹਿਰ ਨਹੀਂ ਹੈ ਅਤੇ ਨਾ ਹੀ ਪੰਜਾਬ ਦੇ ਬਹਾਦਰ ਲੋਕ ਅਜਿਹੀ ਕਿਸੇ ਮੁਹਿੰਮ ਨੂੰ ਕਾਮਯਾਬ ਹੋਣ ਦੇਣਗੇ।

ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਲਹਿਰ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਸਖ਼ਤੀ ਨਾਲ ਕੁਚਲ ਦੇਣ। ਰਾਜਪਾਲ ਨੇ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਮੈਨੂੰ ਕੋਈ ਵੀ ਮੇਰੇ ਕਾਰਜਕਾਲ ਦੌਰਾਨ ਮੇਰਾ ਕੋਈ ਅਜਿਹਾ ਬਿਆਨ ਜਾਂ ਸ਼ਬਦ ਦੱਸ ਦੇਵੇ, ਜਿਸ ਤੋਂ ਇਹ ਸਾਬਿਤ ਹੋਵੇ ਕਿ ਮੈਂ ਕਿਸੇ ਕਿਸਮ ਦੀ ਰਾਜਨੀਤੀ ਕਰ ਰਿਹਾ ਹਾਂ। ਰਾਜਪਾਲ ਨੇ ਉਨ੍ਹਾਂ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਆਖਿਆ ਕਿ ਰਾਜਪਾਲ ‘ਤੇ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ। ਮੈਂ ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਬਣਾਉਣਾ ਚਾਹੁੰਦਾ ਹਾਂ ਕਿਉਂਕਿ ਇਹ ਗੁਰੂਆਂ-ਪੀਰਾਂ ਦੀ ਧਰਤੀ ਹੈ। ਇਸ ਲਈ ਮੈਂ ਸਰਹੱਦੀ ਖੇਤਰਾਂ ਦਾ ਦੌਰਾ ਕਰ ਰਿਹਾ ਹਾਂ ਤਾਂ ਜੋ ਮੈਨੂੰ ਸੂਬੇ ‘ਚ ਹੋ ਰਹੀਆਂ ਗਤੀਵਿਧੀਆਂ ਦਾ ਪਤਾ ਲੱਗ ਸਕੇ।

MUST READ