ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੰਦੀਪ ਜਾਖੜ ਨੂੰ ਦਿੱਤੀ ਚੁਣੌਤੀ

ਕਿਹਾ : ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਦੀ ਟਿਕਟ ’ਤੇ ਚੋਣ ਲੜ ਕੇ ਦੇਖਣ ਸੰਦੀਪ ਜਾਖੜ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਤੋਂ ਸਸਪੈਂਡ ਕੀਤੇ ਗਏ ਵਿਧਾਇਕ ਸੰਦੀਪ ਜਾਖੜ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਦੀ ਟਿਕਟ ’ਤੇ ਚੋਣ ਲੜ ਕੇ ਦੇਖਣ। ਧਿਆਨ ਰਹੇ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਪਾਰਟੀ ਨੇ ਲੰਘੇ ਦਿਨੀਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ। ਉਨ੍ਹਾਂ ਖਿਲਾਫ਼ ਇਹ ਕਾਰਵਾਈ ਘਰ ’ਤੇ ਭਾਜਪਾ ਦਾ ਝੰਡਾ ਲਗਾਉਣ ਦੇ ਆਰੋਪ ਤਹਿਤ ਕੀਤੀ ਗਈ ਸੀ। ਰਾਜਾ ਵੜਿੰਗ ਨੇ ਅਬੋਹਰ ’ਚ ਇਕ ਮੀਟਿੰਗ ਦੌਰਾਨ ਹਰਿਆਣਾ ਦੇ ਸਾਬਕਾ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕੁਲਦੀਪ ਬਿਸ਼ਨੋਈ ਕਾਂਗਰਸ ਪਾਰਟੀ ਦੀ ਟਿਕਟ ’ਤੇ ਜਿੱਤਿਆ ਸੀ। ਪ੍ਰੰਤੂ ਉਨ੍ਹਾਂ ਕਾਂਗਰਸ ਪਾਰਟੀ ਛੱਡਣ ਦੇ ਸਮੇਂ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ ਅਤੇ ਦੁਬਾਰਾ ਹੋਈ ਉਪ ਚੋਣ ਦੌਰਾਨ ਉਨ੍ਹਾਂ ਦੇ ਬੇਟੇ ਭਵਯ ਬਿਸ਼ਨੋਈ ਨੇ ਭਾਜਪਾ ਦੀ ਟਿਕਟ ’ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਸੰਦੀਪ ਜਾਖੜ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਅਬੋਹਰ ਵਿਚ ਇਸ ਤਰ੍ਹਾਂ ਕਰਕੇ ਦਿਖਾਉਣ।

ਸੰਦੀਪ ਜਾਖੜ ਅਬੋਹਰ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਪਹਿਲੀ ਵਾਰ ਵਿਧਾਇਕ ਬਣੇ ਹਨ। ਪ੍ਰੰਤੂ ਉਨ੍ਹਾਂ ਦੇ ਚਾਚਾ ਸੁਨੀਲ ਜਾਖੜ ਭਾਜਪਾ ਵਿਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ’ਤੇ ਭਾਜਪਾ ਦਾ ਝੰਡਾ ਲੱਗ ਗਿਆ। ਪਾਰਟੀ ਵਿਰੋਧੀ ਗਤੀਵਿਧੀਆਂ ’ਚ ਹਿੱਸਾ ਲੈਣ ਦੇ ਚਲਦਿਆਂ ਕਾਂਗਰਸ ਪਾਰਟੀ ਸੰਦੀਪ ਜਾਖੜ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਰਾਜਾ ਵੜਿੰਗ ਨੇ ਸੰਦੀਪ ਜਾਖੜ ਨੂੰ ਭਾਜਪਾ ਦੀ ਟਿਕਟ ’ਤੇ ਦੁਬਾਰਾ ਵਿਧਾਨ ਸਭਾ ਚੋਣ ਲੜਨ ਦੀ ਚੁਣੌਤੀ ਦਿੱਤੀ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕਿਆ ਕਿ ਉਨ੍ਹਾਂ ਦਾ ਲੋਕਾਂ ਵਿਚ ਕਿੰਨਾ ਕੁ ਆਧਾਰ ਹੈ।

MUST READ