ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਸੀਨੀਅਰ ਨੇਤਾ ਅਸ਼ਵਨੀ ਕੁਮਾਰ ਨਾਲ ਕੀਤੀ ਗਈ ਮੁਲਾਕਾਤ
ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸੀਨੀਅਰ ਨੇਤਾ ਅਸ਼ਵਨੀ ਕੁਮਾਰ ਨਾਲ ਮੁਲਾਕਾਤ ਕੀਤੀ ਗਈ ਹੈ । ਇਹ ਮੁਲਾਕਾਤ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਅਸ਼ਵਨੀ ਕੁਮਾਰ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਹਨ। ਇਸ ਮੁਲਾਕਾਤ ਤੋਂ ਬਾਅਦ ਅਸ਼ਵਨੀ ਕੁਮਾਰ ਨੇ ਇੱਕ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਨਵਜੋਤ ਸਿੱਧੂ ਸਾਰੇ ਸੀਨੀਅਰ ਨੇਤਾਵਾਂ ਨੂੰ ਮਿਲੇ, ਜਿਸਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗਾ। ਮੈਨੂੰ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ, ਇਸ ਨਿਯੁਕਤੀ ਦੇ ਨਾਲ, ਅਸੀਂ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਾਂਗੇ। ਅਸ਼ਵਨੀ ਕੁਮਾਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਹਨ ਅਤੇ ਉਹ ਕੈਪਟਨ ਦੇ ਨਾਲ ਕਾਂਗਰਸ ਦੇ ਨਾਲ ਅੱਗੇ ਵਧਣਗੇ।
ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਬਿਜਲੀ ਵਰਗੇ ਮੁੱਦਿਆਂ ਦੇ ਹੱਲ ਲਈ ਅਸੀਂ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ ਜਾਵੇਗਾ। ਸਿੱਧੂ ਅਤੇ ਕੈਪਟਨ ਵਿਚਾਲੇ ਮਤਭੇਦਾਂ ਬਾਰੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਰਾਜਨੀਤੀ ਵਿੱਚ ਕਦੇ ਵੀ ਸਥਾਈ ਮਤਭੇਦ ਨਹੀਂ ਹੁੰਦੇ, ਮੇਰਾ ਮੰਨਣਾ ਹੈ ਕਿ ਸਿੱਧੂ ਅਤੇ ਕੈਪਟਨ ਦੋਵੇਂ ਕਾਂਗਰਸ ਦੇ ਹਿੱਤ ਚਾਹੁੰਦੇ ਹਨ, ਹਰ ਕੋਈ ਹਰ ਕਿਸੇ ਦੇ ਸਹਿਯੋਗ ਨਾਲ ਅੱਗੇ ਵਧੇਗਾ।
ਵੈਸੇ ਵੀ ਕੈਪਟਨ ਵਲੋਂ ਵੀ ਮਿਲਕੇ ਕੰਮ ਕਰਨ ਦੇ ਬਿਆਨ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਦਾ ਆਪਸੀ ਕਲੇਸ਼ ਸ਼ਾਇਦ ਖ਼ਤਮ ਹੋ ਗਿਆ ਹੈ।