ਬੱਸਾਂ ਦੀ ਹੜਤਾਲ ਕਰਕੇ PRTC ਨੂੰ ਪੈ ਰਿਹਾ ਹੈ ਰੋਜ਼ਾਨਾ 1 ਕਰੋੜ 30 ਲੱਖ ਦਾ ਘਾਟਾ, ਠੇਕਾ ਏਜੰਸੀ ਨੂੰ ਜਾਰੀ ਕੀਤੀ ਚਿਤਾਵਨੀ
ਪੰਜ ਦਿਨਾਂ ਦੀ ਹੜਤਾਲ ਨਾਲ 800 ਬਸਾਂ ਅੱਡਿਆਂ ਵਿੱਚੋਂ ਬਾਹਰ ਨਹੀਂ ਨਿਕਲ ਸਕੀਆਂ ਤੇ ਪੀਆਰਟੀਸੀ ਨੂੰ ਹਰ ਰੋਜ਼ ਕਰੀਬਨ ਢੇਡ ਕਰੋੜ ਦਾ ਘਾਟਾ ਪੈ ਰਿਹਾ ਹੈ। ਕੱਚੇ ਕਾਮਿਆਂ ਨੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ 6 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਹੈ। ਚਾਰ ਦਿਨਾਂ ਤੋਂ 2500 ਮੁਲਾਜ਼ਮ ਹੜਤਾਲ ‘ਤੇ ਹਨ ਤੇ ਅਹਿਮ ਰੂਟਾਂ ‘ਤੇ ਬਸਾਂ ਨਹੀਂ ਚੱਲ ਸਕੀਆਂ ਹਨ। ਪੀਆਰਟੀਸੀ ਦੀ ਰੋਜ਼ਾਨਾ 1 ਕਰੋੜ 60 ਲੱਖ ਰੁਪਏ ਵਾਲੀ ਆਮਦਨ ਸਿਰਫ 33 ਲੱਖ ਰੁਪਏ ਪ੍ਰਤੀ ਦਿਨ ਰਹਿ ਗਈ ਹੈ। ਹਰ ਰੋਜ਼ ਹੋ ਰਹੇ ਵਿੱਤੀ ਨੁਕਸਾਨ ਨੂੰ ਦੇਖਦਿਆਂ ਕੱਚੇ ਮੁਲਾਜ਼ਮ ਮੁਹੱਈਆ ਕਰਵਾਉਣ ਵਾਲੀ ਠੇਕਾ ਏਜੰਸੀ ਨੂੰ ਸਖ਼ਤ ਚੇਤਾਵਨੀ ਜਾਰੀ ਕਰ ਦਿੱਤੀ ਹੈ।
ਪੀਆਰਟੀਸੀ ਨੇ ਠੇਕਾ ਏਜੰਸੀ ਨੂੰ ਜਾਰੀ ਕੀਤੇ ਪੱਤਰ ਵਿਚ ਕਿਹਾ ਹੈ ਕਿ ਹੜਤਾਲ ‘ਤੇ ਗਏ ਮੁਲਾਜ਼ਮਾਂ ਨੂੰ ਜਲਦ ਕੰਮ ‘ਤੇ ਬੁਲਾਇਆ ਜਾਵੇ ਜਾਂ ਫਿਰ ਹੋਰ ਕਾਮੇ ਰੱਖੇ ਜਾਣ ਤੋਂ ਜੋ ਕੰਮ ਹੋਰ ਪ੍ਰਭਾਵਤ ਨਾ ਹੋ ਸਕੇ। ਪੀਆਰਟੀਸੀ ਨੇ ਏਜੰਸੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੰਮ ਨਾ ਚੱਲਿਆ ਤਾਂ ਠੇਕਾ ਰੱਦ ਕਰਨ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਪੀਆਰਟੀਸੀ ਚੇਅਰਮੈਨ ਕੇਕੇ ਸ਼ਰਮਾ ਨੇ ਕਿਹਾ ਕਿ ਹੜਤਾਲ ‘ਤੇ ਗਏ ਮੁਲਾਜ਼ਮ ਆਗੂਆਂ ਨੇ ਮੀਟਿੰਗ ਦੌਰਾਨ 2500 ਰੁਪਏ ਤਕ ਤਨਖਾਹ ਵਧਾਉਣ ਦੀ ਮੰਗ ਕੀਤੀ ਸੀ ਜਿਸ ‘ਤੇ ਮੈਨੇਜਮੈਂਟ ਨੇ ਸਹਿਮਤੀ ਜ਼ਾਹਰ ਕੀਤੀ ਸੀ। ਇਸ ਸਬੰਧੀ ਲਿਖਤੀ ਪੱਤਰ ਵੀ ਤਿਆਰ ਕੀਤਾ ਗਿਆ ਪਰ ਮੁਲਾਜ਼ਮ ਬਾਅਦ ਵਿਚ ਪੱਕੀ ਨੌਕਰੀ ਦੇ ਮੰਗ ‘ਤੇ ਅੜ ਗਏ। ਉਨ੍ਹਾਂ ਕਿਹਾ ਕਿ ਤਨਖਾਹ ਵਧਾਉਣਾ ਉਨਾਂ ਹੱਥ ਵਿਚ ਸੀ ਪਰ ਨੌਕਰੀ ਪੱਕੀ ਕਰਨਾ ਸਰਕਾਰ ਪੱਧਰ ‘ਤੇ ਫੈਸਲਾ ਲਿਆ ਜਾਣਾ ਹੈ।
ਚੇਅਰਮੈਨ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਹੜਤਾਲ ਖ਼ਤਮ ਕਰ ਕੇ ਕੰਮ ਪਰਤਣਾ ਚਾਹੀਦਾ ਹੈ ਤੇ ਬਾਕੀ ਮੰਗਾਂ ‘ਤੇ ਸਰਕਾਰ ਪੱਧਰ ‘ਤੇ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ। ਪੀਆਰਟੀਸੀ ਨੂੰ ਕਰੀਬ 1600 ਕਾਮੇ ਮੁਹੱਈਆ ਕਰਵਾਉਣ ਵਾਲੀ ਕੰਪਨੀ ਐੱਸਐੱਸ ਪੋ੍ਵਾਈਡਰ ਦੇ ਸੰਚਾਲਕ ਦਰਸ਼ਨ ਕੁਮਾਰ ਨੇ ਕਿਹਾ ਕਿ ਮੁਲਾਜ਼ਮਾਂ ਨੂੰ 9 ਸਤੰਬਰ ਤਕ ਨੌਕਰੀ ‘ਤੇ ਆਉਣ ਲਈ ਕਿਹਾ ਸੀ, ਕੁਝ ਮੁਲਾਜ਼ਮ ਨੌਕਰੀ ‘ਤੇ ਆ ਗਏ ਹੋਣਗੇ। ਨੌਕਰੀ ‘ਤੇ ਮੁੜਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਬਾਰੇ ਦਰਸ਼ਨ ਕੁਮਾਰ ਨੇ ਕਿਹਾ ਕਿ ਇਸ ਬਾਰੇ ਪੀਆਰਟੀਸੀ ਹੀ ਦੱਸ ਸਕਦੀ ਹੈ।