ਸੜਕ ਵਿਚਾਲੇ EGS ਅਧਿਆਪਕ ਦੀ ਲਾਸ਼ ਰੱਖ ਸਰਕਾਰ ਖਿਲਾਫ ਕੀਤਾ ਜਾ ਰਿਹਾ ਰੋਸ ਮੁਜ਼ਾਹਰਾ
ਪੰਜਾਬੀ ਡੈਸਕ:– ਪੰਜਾਬ ‘ਚ ਕੋਰੋਨਾ ਸੰਬੰਧੀ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਇਸ ਕਾਰਨ ਅੱਜ ਬਰਨਾਲਾ ਦੀ ਤਪਾ ਮੰਡੀ ਵਿੱਚ ਕੋਰੋਨਾ ਮਹਾਮਾਰੀ ਕਾਰਨ 52 ਸਾਲਾ ਅਧਿਆਪਕ ਦੀ ਮੌਤ ਹੋ ਗਈ। ਸਮੂਹ ਅਧਿਆਪਕ ਜਥੇਬੰਦੀ ਨੇ ਮ੍ਰਿਤਕ ਦੇਹ ਨੂੰ ਰੱਖ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ, ਮ੍ਰਿਤਕ ਈ.ਜੀ.ਐੱਸ ਅਧਿਆਪਕਾ ਕਾਂਤਾ ਦੇਵੀ ਸਕੂਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਸਕੂਲਾਂ ਨੂੰ ਦਾਖਲ ਕਰਵਾਉਣ ਦੇ ਮੰਤਵ ਨਾਲ ਆਪਣੀ ਡਿਉਟੀ ਨਿਭਾਉਂਦੀ ਹੋਈ ਘਰ-ਘਰ ਗਈ ਸੀ।

ਉਨ੍ਹਾਂ ਕੈਪਟਨ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਮੰਗ ਕੀਤੀ ਕਿ, ਮ੍ਰਿਤਕ ਅਧਿਆਪਕਾ ਕਾਂਤਾ ਦੇਵੀ ਨੂੰ ਸ਼ਹੀਦ ਦਾ ਦਰਜ ਦਿੱਤਾ ਜਾਵੇ। ਉਨ੍ਹਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਵੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ, ਜਦੋਂ ਤੱਕ ਮਦਦ ਦਾ ਐਲਾਨ ਨਹੀਂ ਕੀਤਾ ਜਾਂਦਾ ਸੰਸਕਾਰ ਨਹੀਂ ਕੀਤਾ ਜਾਵੇਗਾ।