ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਕੇਸ ‘ਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅੱਜ ਕੋਰਟ ‘ਚ ਪੇਸ਼ੀ, ਸੁਰੱਖਿਆ ਪ੍ਰਬੰਧ ਕੀਤੇ ਗਏ ਕੜੇ

ਪੰਜਾਬ ਦੇ ਉਘੇ ਗਾਇਕ ਗੁਰਦਾਸ ਮਾਨ ਵਲੋਂ ਸਿੱਖ ਗੁਰੂ ਬਾਰੇ ਕੀਤੀ ਟਿੱਪਣੀ ਕਰਕੇ ਵੱਡਾ ਵਿਵਾਦ ਹੋ ਗਿਆ ਹੈ ਇਸ ਮਾਮਲੇ ਵਿੱਚ ਅੱਜ ਗੁਰਦਾਸ ਮਾਨ ਦੀ ਅਦਾਲਤ ਵਿੱਚ ਪੇਸ਼ੀ ਹੈ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਇਥੇ ਪੁਲਿਸ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਡੇਰਾ ਬਾਬਾ ਮੁਰਾਦਸ਼ਾਹ ਵਿੱਚ ਮੇਲੇ ਦੌਰਾਨ ਗੁਰਦਾਸ ਮਾਨ ਨੇ ਸਟੇਜ ‘ਤੇ ਗੁਰੂ ਅਮਰਦਾਸ ਜੀ ਅਤੇ ਸਾਈ ਲਾਡੀ ਸ਼ਾਹ ਜੀ ਨੂੰ ਇੱਕੋ ਵੰਸ਼ ਦੇ ਕਿਹਾ ਸੀ।

ਇਸ ਤੋਂ ਬਾਅਦ ਭਾਈਚਾਰੇ ਵਿੱਚ ਗੁੱਸਾ ਸੀ। ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਕਈ ਦਿਨਾਂ ਤੱਕ ਹਾਈਵੇ ਨੂੰ ਜਾਮ ਕਰਕੇ ਵਿਰੋਧ ਕੀਤਾ, ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਗੁਰਦਾਸ ਮਾਨ ਦੀ ਪਹਿਲੀ ਪੇਸ਼ੀ ਮੰਗਲਵਾਰ ਨੂੰ ਹੈ। ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਪੁਲਿਸ ਫੋਰਸ ਪਹਿਲਾਂ ਹੀ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਅਦਾਲਤ ਪਹੁੰਚਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਡੇਰੇ ਦੇ ਕੁਝ ਮੈਂਬਰਾਂ ਨੇ ਗੁਰਦਾਸ ਮਾਨ ਵਿਰੁੱਧ ਦਰਜ ਕੀਤੇ ਗਏ ਕੇਸ ਨੂੰ ਦਰਜ ਕਰਨ ਦੀ ਮੰਗ ਨੂੰ ਲੈ ਕੇ ਕਈ ਥਾਵਾਂ ‘ਤੇ ਧਰਨੇ ਵੀ ਦਿੱਤੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਨੇ ਵਿਵਾਦ ਲਈ ਮੁਆਫੀ ਮੰਗੀ ਸੀ।

ਉਨ੍ਹਾਂ ਨੇ ਹੱਥ ਜੋੜ ਕੇ ਤੇ ਕੰਨ ਫੜ ਕੇ ਕਿਹਾ ਸੀ ਕਿ ਉਹ ਕਦੇ ਵੀ ਗੁਰੂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਹਨ। ਦੂਜੇ ਪਾਸੇ ਮਾਨ ਸਮਰਥਕ ਵੀ ਸਿੱਖ ਜਥੇਬੰਦੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕਰ ਰਹੀਆਂ ਹਨ। ਹੋਲੀ ਹੋਲੀ ਇਹ ਵਿਵਾਦ ਭਖਦਾ ਨਜਰ ਆ ਰਿਹਾ ਹੈ।

MUST READ