ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਕੀਤਾ ਸੰਬੋਧਨ

ਚੰਦਰਯਾਨ-3 ਲੈਂਡਿੰਗ ਪੁਆਇੰਟ ਦਾ ਨਾਂ ਰੱਖਿਆ ਸ਼ਿਵਸ਼ਕਤੀ

ਬੇਂਗਲੁਰੂ/ਬਿਊਰੋ ਨਿਊਜ਼ : ਵਿਕਰਮ ਲੈਂਡਰ ਦੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਉਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ 3 ਦੀ ਟੀਮ ਅਤੇ ਇਸਰੋ ਦੇ ਵਿਗਿਆਨੀਆਂ ਨਾਲ ਅੱਜ ਮੁਲਾਕਾਤ ਕੀਤੀ। ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਨਜ਼ਰ ਆਏ। ਉਨ੍ਹਾਂ ਚੰਦਰਯਾਨ 3 ਦੀ ਲੈਂਡਿੰਗ ਪੁਆਇੰਟ ਨੂੰ ਸ਼ਿਵਸ਼ਕਤੀ ਅਤੇ ਚੰਦਰਯਾਨ 2 ਲੈਂਡਿੰਗ ਪੁਆਇੰਟ ਨੂੰ ਤਿਰੰਗਾ ਦਾ ਨਾਂ ਦਿੱਤਾ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ 23 ਅਗਸਤ ਨੂੰ ਹਰ ਸਾਲ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਇਆ ਕਰੇਗਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬੇਸ਼ੱਕ ਮੈਂ ਦੱਖਣੀ ਅਫਰੀਕਾ ਵਿਚ ਸੀ ਪ੍ਰੰਤੂ ਮੇਰਾ ਮਨ ਵਿਗਿਆਨੀਆਂ ਦੇ ਨਾ ਸੀ। ਮੈਂ ਸਭ ਤੋਂ ਪਹਿਲਾਂ ਵਿਗਿਆਨੀਆ ਨੂੰ ਮਿਲਣਾ ਚਾਹੁੰਦਾ ਸੀ ਅਤੇ ਤੁਹਾਨੂੰ ਸਲਿਊਟ ਕਰਨਾ ਚਾਹੁੰਦਾ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 7 ਵਜ ਕੇ 30 ਮਿੰਟ ’ਤੇ ਬੇਂਗਲੁਰੂ ਦੇ ਇਸਰੋ ਦੇ ਕਮਾਂਡ ਸੈਂਟਰ ਪਹੁੰਚੇ ਜਿੱਥੇ ਉਹ ਚੰਦਰਯਾਨ 3 ਦੀ ਟੀਮ ਦੇ ਵਿਗਿਆਨੀਆਂ ਨੂੰ ਮਿਲੇ। ਇਸਰੋ ਕਮਾਂਡ ਸੈਂਟਰ ’ਤੇ ਇਸਰੋ ਚੀਫ਼ ਐਸ ਸੋਮਨਾਥ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਨਾਥ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੀ ਪਿੱਠ ਥਾਪੜੀ। ਉਨ੍ਹਾਂ ਨੇ ਚੰਦਰਯਾਨ-3 ਮਿਸ਼ਨ ਦੇ ਸਫ਼ਲ ਹੋਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਸਮੁੱਚੀ ਟੀਮ ਨਾਲ ਗਰੁੱਪ ਫੋਟੋ ਵੀ ਖਿਚਵਾਈ।

MUST READ